ਪਟਿਆਲਾ ਸਥਿਤ ਇਤਿਹਾਸਕ ਸ਼੍ਰੀ ਕਾਲੀ ਦੇਵੀ ਮੰਦਿਰ ਵਿਖੇ ਬੇਅਦਬੀ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੇਅਦਬੀ ਦੀ ਇਹ ਘਟਨਾ ਪੰਡਿਤ ਤੇ ਸੇਵਾਦਾਰਾਂ ਤੇ ਪੁਲਸ ਦੀ ਚੌਕਸੀ ਨਾਲ ਵਾਪਰਨ ਤੋਂ ਬਚ ਗਈ। ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦਾ ਹੀ ਰਹਿਣ ਵਾਲਾ ਮਨਜੀਤ ਸਿੰਘ ਪੁੱਤਰ ਮੱਘਰ ਸਿੰਘ ਨਾਮ ਦੇ ਵਿਅਕਤੀ ਨੇ ਦੇਵੀ ਦੀ ਪਵਿੱਤਰ ਮੂਰਤੀ ਦੇ ਸਿੰਘਾਸਣ ਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਪਰੰਤੂ ਉਸਨੂੰ ਚੌਕਸ ਪੰਡਿਤ, ਸੇਵਾਦਾਰਾਂ ਤੇ ਪੁਲਸ ਵਲੋਂ ਮੌਕੇ ’ਤੇ ਹੀ ਦਬੋਚ ਲਿਆ ਗਿਆ। ਜਿਸ ਨੂੰ ਪੁਲਸ ਨੇ ਤੁਰੰਤ ਗ੍ਰਿਫਤਾਰ ਕਰ ਲਿਆ। ਇਸ ਘਟਨਾ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਭਾਰੀ ਗਿਣਤੀ ਵਿਚ ਮੰਦਰ ਦੇ ਬਾਹਰ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ। ਦੂਜੇ ਪਾਸੇ ਐੱਸ. ਐੱਸ. ਪੀ. ਵਰੁਣ ਸ਼ਰਮਾ ਅਤੇ ਐੱਸ. ਡੀ. ਐੱਮ. ਇਸਮਤ ਵਿਜੇ ਸਿੰਘ ਮੌਕੇ ’ਤੇ ਪੁੱਜੇ ਅਤੇ ਸਥਿਤੀ ਕਾਬੂ ਹੇਠ ਕੀਤੀ।