ਇਸ ਘੁਟਾਲੇ ’ਚ ਵੀ ਨੇਤਾ, ਨੌਕਰਸ਼ਾਹ ਤੇ ਕਾਰੋਬਾਰੀ ਜਾਂਚ ਦਾ ਸਾਹਮਣਾ ਕਰ ਰਹੇ ਹਨ
ਭ੍ਰਿਸ਼ਟਾਚਾਰ ਕਿਵੇਂ ਭਿਆਨਕ ਰੂਪ ਨਾਲ ਆਪਣੀਆਂ ਜੜ੍ਹਾਂ ਜਮਾ ਕੇ ਬੈਠਾ ਹੈ, ਇਸ ਦੀ ਹੈਰਾਨ ਕਰਨ ਵਾਲੀ ਉਦਾਹਰਨ ਹੈ ਝਾਰਖੰਡ ਵਿਚ ਪੇਂਡੂ ਵਿਕਾਸ ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ ਸੰਜੀਵ ਕੁਮਾਰ ਲਾਲ ਦੇ ਨੌਕਰ ਜਹਾਂਗੀਰ ਦੇ ਘਰ ’ਚੋਂ 25 ਕਰੋੜ ਤੋਂ ਜ਼ਿਆਦਾ ਦੀ ਬਰਾਮਦਗੀ।ਉਸ ਦੇ ਘਰੋਂ ਨੋਟਾਂ ਦੇ ਢੇਰ ਲੱਗੇ ਹੋਏ ਮਿਲੇ ਹਨ। ਇਹ ਤਾਂ ਈਡੀ ਯਾਨੀ ਇਨਫੋਰਸਮੈਂਟ ਡਾਇਰੈਕਟੋਰੇਟ ਹੀ ਦੱਸੇਗਾ ਕਿ ਜਹਾਂਗੀਰ ਤੇ ਉਸ ਦੇ ਨਿਸ਼ਾਨੇ ’ਤੇ ਆਏ ਹੋਰ ਲੋਕਾਂ ਕੋਲ ਇੰਨੀ ਵੱਡੀ ਰਕਮ ਕਿੱਥੋਂ ਆਈ ਪਰ ਕੋਈ ਵੀ ਸਮਝ ਸਕਦਾ ਹੈ ਕਿ ਉਸ ਦਾ ਸੋਮਾ ਕਾਂਗਰਸ ਕੋਟੇ ਦੇ ਮੰਤਰੀ ਤੇ ਉਸ ਦੇ ਨਿੱਜੀ ਸਕੱਤਰ ਹੋ ਸਕਦੇ ਹਨ। ਹਾਲਾਂਕਿ ਮੰਤਰੀ ਇਸ ਸਾਰੀ ਖੇਡ ਦਾ ਦੋਸ਼ ਨਿੱਜੀ ਸਕੱਤਰ ’ਤੇ ਲਾ ਕੇ ਖ਼ੁਦ ਨੂੰ ਪਾਕ-ਸਾਫ਼ ਦੱਸ ਰਿਹਾ ਹੈ ਪਰ ਇਸ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ ਕਿ ਲਗਪਗ ਇਕ ਸਾਲ ਪਹਿਲਾਂ ਟੈਂਡਰ ਘੁਟਾਲੇ ਦੀ ਜਾਂਚ ਦੀ ਲੜੀ ਵਿਚ ਪੇਂਡੂ ਵਿਕਾਸ ਵਿਭਾਗ ਦੇ ਚੀਫ ਇੰਜੀਨੀਅਰ ਵੀਰੇਂਦਰ ਰਾਮ ਕੋਲ ਵੀ ਸੌ ਕਰੋੜ ਤੋਂ ਵੱਧ ਦੀ ਜਾਇਦਾਦ ਪਾਈ ਗਈ ਸੀ।ਲੰਘੇ ਦਿਨੀਂ ਇਸੇ ਘੁਟਾਲੇ ਦੇ ਸਿਲਸਿਲੇ ’ਚ ਫਿਰ ਛਾਪੇਮਾਰੀ ਕੀਤੀ ਗਈ ਸੀ। ਝਾਰਖੰਡ ਉਨ੍ਹਾਂ ਗ਼ਰੀਬ ਸੂਬਿਆਂ ’ਚ ਸ਼ੁਮਾਰ ਹੈ ਜਿੱਥੋਂ ਦੇ ਭ੍ਰਿਸ਼ਟ ਨੇਤਾ ਤੇ ਨੌਕਰਸ਼ਾਹ ਉਨ੍ਹਾਂ ਨੂੰ ਦੋਵਾਂ ਹੱਥਾਂ ਨਾਲ ਲੁੱਟਣ ਲੱਗੇ ਹੋਏ ਹਨ। ਖ਼ੁਦ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਜ਼ਮੀਨ ਘੁਟਾਲੇ ਨੂੰ ਅੰਜਾਮ ਦੇਣ ਦੇ ਦੋਸ਼ ਵਿਚ ਜੇਲ੍ਹ ’ਚ ਹਨ। ਇਸ ਘੁਟਾਲੇ ਵਿਚ ਈਡੀ ਹੁਣ ਤੱਕ ਲਗਪਗ ਢਾਈ ਸੌ ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਚੁੱਕੀ ਹੈ।ਇਕ ਹੋਰ ਸਾਬਕਾ ਮੁੱਖ ਮੰਤਰੀ ਮਧੂ ਕੌੜਾ ਵੀ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਜੇਲ੍ਹ ਜਾ ਚੁੱਕਾ ਹੈ। ਬਹੁਤਾ ਸਮਾਂ ਨਹੀਂ ਹੋਇਆ ਜਦੋਂ ਝਾਰਖੰਡ ਵਿਚ ਕਾਂਗਰਸ ਦੇ ਸੰਸਦ ਮੈਂਬਰ ਧੀਰਜ ਸਾਹੂ ਦੇ ਘਰ ਆਮਦਨ ਕਰ ਵਿਭਾਗ ਨੇ ਸਾਢੇ ਤਿੰਨ ਸੌ ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ। ਝਾਰਖੰਡ ਕਿਵੇਂ ਘੁਟਾਲਿਆਂ ਦੀ ਬਹੁਤਾਤ ਵਾਲਾ ਸੂਬਾ ਬਣ ਗਿਆ ਹੈ, ਇਸ ਦਾ ਪਤਾ ਇਸ ਤੋਂ ਵੀ ਲੱਗਦਾ ਹੈ ਕਿ ਇੱਥੋਂ ਦੇ ਕਈ ਘੁਟਾਲਿਆਂ ਦੀ ਜਾਂਚ ਈਡੀ ਕਰ ਰਹੀ ਹੈ। ਇਨ੍ਹਾਂ ਵਿਚ ਪ੍ਰਮੁੱਖ ਤੌਰ ’ਤੇ ਮਨਰੇਗਾ ਘੁਟਾਲਾ ਵੀ ਸ਼ਾਮਲ ਹੈ। ਇਸ ਘੁਟਾਲੇ ਦੀ ਜਾਂਚ ਦੌਰਾਨ ਆਈਏਐੱਸ ਅਧਿਕਾਰੀ ਪੂਜਾ ਸਿੰਘਲ ਦੇ ਪਤੀ ਦੇ ਸੀਏ ਕੋਲੋਂ 20 ਕਰੋੜ ਰੁਪਏ ਦੀ ਨਕਦੀ ਮਿਲੀ ਸੀ। ਇੱਥੇ ਹੀ ਬਸ ਨਹੀਂ, ਝਾਰਖੰਡ ’ਚ ਸ਼ਰਾਬ ਘੁਟਾਲਾ ਵੀ ਅੰਜਾਮ ਦਿੱਤਾ ਜਾ ਚੁੱਕਾ ਹੈ।ਇਸ ਘੁਟਾਲੇ ’ਚ ਵੀ ਨੇਤਾ, ਨੌਕਰਸ਼ਾਹ ਤੇ ਕਾਰੋਬਾਰੀ ਜਾਂਚ ਦਾ ਸਾਹਮਣਾ ਕਰ ਰਹੇ ਹਨ। ਝਾਰਖੰਡ ਦਾ ਕੋਲਾ ਘੁਟਾਲਾ ਵੀ ਚਰਚਾ ’ਚ ਰਿਹਾ ਹੈ। ਖਣਿਜ ਪਦਾਰਥਾਂ ਨਾਲ ਭਰਪੂਰ ਝਾਰਖੰਡ ਸੂਬਾ ਗ਼ਰੀਬ ਕਿਉਂ ਹੈ? ਇਹ ਇਸ ਗੱਲ ਨਾਲ ਹੀ ਸਪਸ਼ਟ ਹੋ ਜਾਂਦਾ ਹੈ ਕਿ ਇੱਥੇ ਅਣਗਿਣਤ ਘੁਟਾਲੇ ਹੋ ਰਹੇ ਹਨ। ਘੁਟਾਲੇ ਭ੍ਰਿਸ਼ਟ ਆਗੂਆਂ ਤੇ ਅਫ਼ਸਰਸ਼ਾਹੀ ਦੀ ਮਿਲੀਭੁਗਤ ਨਾਲ ਹੋ ਰਹੇ ਹਨ। ਉਨ੍ਹਾਂ ’ਤੇ ਕੋਈ ਲਗਾਮ ਨਹੀਂ ਲੱਗ ਰਹੀ ਹੈ ਤੇ ਲੁੱਟ ਦੀ ਖੁੱਲ੍ਹੀ ਖੇਡ ਚੱਲ ਰਹੀ ਹੈ। ਇਹ ਸਮੱਸਿਆ ਝਾਰਖੰਡ ਤੱਕ ਹੀ ਸੀਮਤ ਨਹੀਂ ਹੈ।ਗੁਆਂਢੀ ਸੂਬੇ ਬੰਗਾਲ ਸਣੇ ਹੋਰ ਰਾਜਾਂ ਵਿਚ ਵੀ ਨੇਤਾ, ਨੌਕਰਸ਼ਾਹ ਤੇ ਉਨ੍ਹਾਂ ਦੇ ਨੇੜਲੇ ਲੋਕ ਭ੍ਰਿਸ਼ਟ ਤੌਰ-ਤਰੀਕਿਆਂ ਨਾਲ ਕਰੋੜਾਂ ਦੀ ਲੁੱਟ ਕਰਨ ’ਚ ਲੱਗੇ ਹੋਏ ਹਨ। ਸਿਰਫ਼ ਇੰਨੇ ਨਾਲ ਹੀ ਸੰਤੁਸ਼ਟ ਨਹੀਂ ਹੋਇਆ ਜਾ ਸਕਦਾ ਕਿ ਈਡੀ ਜਾਂ ਫਿਰ ਸੀਬੀਆਈ ਉਨ੍ਹਾਂ ਤੱਕ ਪਹੁੰਚ ਜਾਂਦੀ ਹੈ। ਸਮਝਣ ਵਾਲੀ ਗੱਲ ਇਹ ਹੈ ਕਿ ਘੁਟਾਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ ਤੇ ਘੁਟਾਲੇਬਾਜ਼ਾਂ ਨੂੰ ਸਮਾਂ ਰਹਿੰਦੇ ਅਜਿਹੀ ਸਜ਼ਾ ਨਹੀਂ ਮਿਲ ਰਹੀ ਕਿ ਭ੍ਰਿਸ਼ਟ ਤੱਤਾਂ ’ਚ ਡਰ ਪੈਦਾ ਹੋਵੇ। ਅਜਿਹੇ ਲੋਕਾਂ ਲਈ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਹੋਵੇ ਤਾਂ ਕਿ ਉਹ ਅਜਿਹਾ ਕੰਮਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚਣ।