ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰ ਕੁਮਾਰ ਗੁਜਰਾਲ ਜਲੰਧਰ ਤੋਂ ਦੋ ਵਾਰ ਲੋਕ ਸਭਾ ਮੈਂਬਰ ਚੁਣੇ ਗਏ ਸਨ। ਇੰਦਰ ਕੁਮਾਰ ਗੁਜਰਾਲ ਦਾ ਜਨਮ 4 ਦਸੰਬਰ 1919 ਨੂੰ ਤਹਿਸੀਲ ਸੋਹਾਣਾ ਜ਼ਿਲ੍ਹਾ ਜੇਹਲਮ ਪਾਕਿਸਤਾਨ ਵਿਖੇ ਹੋਇਆ ਸੀ। ਆਜ਼ਾਦੀ ਤੋਂ ਬਾਅਦ ਉਨ੍ਹਾਂ ਦੇ ਪਿਤਾ ਅਵਤਾਰ ਨਾਰਾਇਣ ਤੇ ਪੁਸ਼ਪਾ ਗੁਜਰਾਲ ਸਮੇਤ ਪਰਿਵਾਰ ਸਮੇਤ ਜਲੰਧਰ ਆ ਕੇ ਵੱਸ ਗਏ ਅਤੇ ਫਿਰ ਦਿੱਲੀ ਚਲੇ ਗਏ। 1958 ’ਚ ਉਹ ਨਵੀਂ ਦਿੱਲੀ ਮਿਊਂਸਪਲ ਕਮੇਟੀ ਦੇ ਵਾਈਸ ਪ੍ਰਧਾਨ ਬਣੇ।
ਲੋਕਤੰਤਰ ਦਾ ਮਹਾਉਤਸਵ ਵਜੋਂ ਜਾਣੀਆਂ ਜਾਂਦੀਆ ਲੋਕ ਸਭਾ ਚੋਣਾਂ ਲਈ ਜਲੰਧਰ ਲੋਕ ਸਭਾ ਹਲਕੇ ਦਾ ਸ਼ਾਨਾਮੱਤਾ ਇਤਿਹਾਸ ਰਿਹਾ ਹੈ। ਭਾਰਤ ਦੇ 26 ਜਨਵਰੀ 1950 ਨੂੰ ਪ੍ਰਭੂਸੱਤਾ ਸੰਪੰਨ ਗਣਤੰਤਰ ਬਣਨ ਉਪਰੰਤ 1951-52 ’ਚ ਪਹਿਲੀ ਵਾਰ ਤੋਂ ਲੈ ਕੇ 2023 ਤਕ 19 ਵਾਰ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਹਲਕੇ ਨੇ ਦੇਸ਼ ਨੂੰ ਆਈਕੇ ਗੁਜਰਾਲ ਦੇ ਰੂਪ ’ਚ ਇਕ ਵਾਰ ਪ੍ਰਧਾਨ ਮੰਤਰੀ ਤੇ ਸਵਰਨ ਸਿੰਘ ਦੇ ਰੂਪ ’ਚ ਦੋ ਵਾਰ ਰੱਖਿਆ ਤੇ ਦੋ ਵਾਰ ਹੀ ਵਿਦੇਸ਼ ਮੰਤਰੀ ਦਿੱਤੇ ਹਨ।
ਇੱਥੋਂ ਦੇ ਰਹਿਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰ ਕੁਮਾਰ ਗੁਜਰਾਲ ਜਲੰਧਰ ਤੋਂ ਦੋ ਵਾਰ ਲੋਕ ਸਭਾ ਮੈਂਬਰ ਚੁਣੇ ਗਏ ਸਨ। ਇੰਦਰ ਕੁਮਾਰ ਗੁਜਰਾਲ ਦਾ ਜਨਮ 4 ਦਸੰਬਰ 1919 ਨੂੰ ਤਹਿਸੀਲ ਸੋਹਾਣਾ ਜ਼ਿਲ੍ਹਾ ਜੇਹਲਮ ਪਾਕਿਸਤਾਨ ਵਿਖੇ ਹੋਇਆ ਸੀ। ਆਜ਼ਾਦੀ ਤੋਂ ਬਾਅਦ ਉਨ੍ਹਾਂ ਦੇ ਪਿਤਾ ਅਵਤਾਰ ਨਾਰਾਇਣ ਤੇ ਪੁਸ਼ਪਾ ਗੁਜਰਾਲ ਸਮੇਤ ਪਰਿਵਾਰ ਸਮੇਤ ਜਲੰਧਰ ਆ ਕੇ ਵੱਸ ਗਏ ਅਤੇ ਫਿਰ ਦਿੱਲੀ ਚਲੇ ਗਏ। 1958 ’ਚ ਉਹ ਨਵੀਂ ਦਿੱਲੀ ਮਿਊਂਸਪਲ ਕਮੇਟੀ ਦੇ ਵਾਈਸ ਪ੍ਰਧਾਨ ਬਣੇ। 1964 ’ਚ ਕਮਿਊਨਿਸਟ ਪਾਰਟੀ ਛੱਡ ਕੇ ਕਾਂਗਰਸ ’ਚ ਸ਼ਾਮਲ ਹੋ ਗਏ ਤੇ ਰਾਜ ਸਭਾ ਮੈਂਬਰ ਬਣੇ। ਜੂਨ 1975 ’ਚ ਐਮਰਜੈਂਸੀ ਵੇਲੇ ਉਹ ਸੂਚਨਾ ਤੇ ਪ੍ਰਸਾਰਣ ਮੰਤਰੀ ਸਨ। 1976 ’ਚ ਉਹ ਵਾਰ ਸਭਾ ਮੈਂਬਰ ਬਣੇ। 1980 ’ਚ ਕਾਂਗਰਸ ਤੋਂ ਅਸਤੀਫਾ ਦੇ ਕੇ ਜਨਤਾ ਦਲ ’ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਪਹਿਲੀ ਵਾਰ ਇਥੋਂ 1989 ’ਚ ਜਨਤਾ ਦਲ ਦੀ ਟਿਕਟ ’ਤੇ ਲੋਕ ਸਭਾ ਦੀ ਚੋਣ ਲੜੀ ਸੀ ਅਤੇ 262032 ਵੋਟਾਂ ਹਾਸਲ ਕਰ ਕੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਰਾਜਿੰਦਰ ਸਿੰਘ ਸਪੈਰੋ ਨੂੰ ਹਰਾਇਆ ਸੀ, ਜਿਨ੍ਹਾਂ ਨੂੰ 181674 ਵੋਟਾਂ ਮਿਲੀਆ ਸਨ। ਵੀਪੀ ਸਿੰਘ ਦੀ ਸਰਕਾਰ ’ਚ ਵੀ ਉਹ ਵਿਦੇਸ਼ ਮੰਤਰੀ ਬਣੇ।
1991 ’ਚ ਪਟਨਾ ਬਿਹਾਰ ਤੋਂ ਚੋਣ ਲੜੀ ਅਤੇ 1992 ’ਚ ਰਾਜ ਸਭਾ ਮੈਂਬਰ ਬਣੇ। 1996 ’ਚ ਉਹ ਪ੍ਰਧਾਨ ਮੰਤਰੀ ਐੱਚਡੀ ਦੇਵੇਗੌੜਾ ਦੀ ਸਰਕਾਰ ’ਚ ਵਿਦੇਸ਼ ਮੰਤਰੀ ਰਹੇ ਅਤੇ ਅਪ੍ਰੈਲ 1997 ਤੋਂ ਮਾਰਚ 1998 ਤਕ ਭਾਰਤ ਦੇ 12ਵੇਂ ਪ੍ਰਧਾਨ ਮੰਤਰੀ ਬਣੇ। ਉਨ੍ਹਾਂ ਨੇ 1998 ’ਚ ਇਥੋਂ ਦੂਜੀ ਵਾਰ ਲੋਕ ਸਭਾ ਦੀ ਚੋਣ ਲੜੀ ਤੇ ਜਿੱਤ ਦਰਜ ਕੀਤੀ। ਇਸ ਚੋਣ ’ਚ ਆਈਕੇ ਗੁਜਰਾਲ ਨੂੰ 380749 ਵੋਟਾਂ ਮਿਲੀਆ ਸਨ ਜਦੋਂਕਿ ਵਿਰੋਧੀ ਕਾਂਗਰਸ ਦੇ ਉਮਰਾਓ ਸਿੰਘ ਨੂੰ 249769 ਵੋਟਾਂ ਹਾਸਲ ਹੋਈਆ ਸਨ। 30 ਨਵੰਬਰ 2012 ’ਚ ਉਹ 93 ਸਾਲ ਦੀ ਉਮਰ ’ਚ ਅਕਾਲ ਚਲਾਣਾ ਕਰ ਗਏ।
ਕੇਂਦਰੀ ਮੰਤਰੀ ਸਵਰਨ ਸਿੰਘ ਦਾ ਜਨਮ 19 ਅਗਸਤ 1907 ’ਚ ਨਕੋਦਰ ਤਹਿਸੀਲ ਦੇ ਪਿੰਡ ਸ਼ੰਕਰ ’ਚ ਹੋਇਆ। ਉਹ 1930 ’ਚ ਅਕਾਲੀ ਦਲ ’ਚ ਸ਼ਾਮਲ ਹੋਏ ਸਨ ਅਤੇ 1940 ’ਚ ਕਾਂਗਰਸ ਤੇ ਅਕਾਲੀ ਦਲ ਵਿਚਾਲੇ ਸਮਝੌਤਾ ਕਰਵਾਉਣ ’ਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ। 1946 ’ਚ ਵਿਧਾਇਕ ਬਣੇ ਅਤੇ ਆਜ਼ਾਦੀ ਤੋਂ ਬਾਅਦ 15 ਅਗਸਤ 1947 ਨੂੰ ਪੰਜਾਬ ਦੇ ਪਹਿਲੇ ਗ੍ਰਹਿ ਮੰਤਰੀ ਬਣੇ। 13 ਮਈ 1952 ਨੂੰ ਕੇਂਦਰੀ ਕੈਬਨਿਟ ’ਚ ਸ਼ਾਮਲ ਹੋ ਗਏ। 1957 ’ਚ ਹੋਈਆ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਸਵਰਨ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਜਿਨ੍ਹਾਂ ਨੇ 2,55,545 ਵੋਟਾਂ ਲੈ ਕੇ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਐੱਸਸੀਐੱਫ ਦੇ ਚੰਨਣ ਰਾਮ ਨੂੰ ਹਰਾਇਆ, ਜਿਨ੍ਹਾਂ ਨੇ 1,54,583 ਵੋਟਾਂ ਹਾਸਲ ਕੀਤੀਆ। 1962 ’ਚ ਸਵਰਨ ਸਿੰਘ ਨੇ ਐੱਸਡਬਲਿਊਏ ਦੇ ਕਰਤਾਰ ਸਿੰਘ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਜਿੱਤ ਦਰਜ ਕੀਤੀ ਸੀ।
ਇਸ ਚੋਣ ’ਚ ਸਵਰਨ ਨੂੰ 1,50,474 ਵੋਟਾਂ ਪਈਆ ਸਨ ਜਦੋਂਕਿ ਵਿਰੋਧੀ ਨੂੰ 81,393 ਵੋਟਾਂ ਮਿਲੀਆ ਸਨ। 1967 ’ਚ ਸਵਰਨ ਸਿੰਘ ਹੁਰਾਂ ਨੇ ਜਿੱਤ ਦਾ ਸਿਲਸਿਲਾ ਜਾਰੀ ਰੱਖਦਿਆ ਐੱਸਡਬਲਿਊਏ ਦੇ ਐੱਸਪੀ ਸਿੰਘ ਨੂੰ ਹਰਾਇਆ ਸੀ। ਇਸ ਚੋਣ ’ਚ ਸਵਰਨ ਸਿੰਘ ਨੂੰ 1,22,923 ਵੋਟਾਂ ਪਈਆ ਸਨ ਜਦੋਂਕਿ ਵਿਰੋਧੀ ਉਮੀਦਵਾਰ ਐੱਸਪੀ ਸਿੰਘ ਨੂੰ 91,443 ਵੋਟਾਂ ਮਿਲੀਆ ਸਨ। 1971 ਦੀਆ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਸਵਰਨ ਸਿੰਘ ਨੇ ਅਕਾਲੀ ਦਲ ਦੇ ਇਕਬਾਲ ਸਿੰਘ ਢਿੱਲੋਂ ਨੂੰ ਮਾਤ ਦਿੱਤੀ ਸੀ ਅਤੇ ਲਗਾਤਾਰ ਚੌਥੀ ਵਾਰ ਜਲੰਧਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ। ਇਸ ਚੋਣ ’ਚ ਸਵਰਨ ਸਿੰਘ ਨੂੰ 1,70,164 ਵੋਟਾਂ ਪਈਆ ਸਨ ਜਦੋਂਕਿ ਅਕਾਲੀ ਦਲ ਦੇ ਇਕਬਾਲ ਸਿੰਘ ਢਿੱਲੋਂ 76,695 ਵੋਟਾਂ ਲੈ ਸਕੇ ਸਨ। ਕਰੀਬ 23 ਸਾਲਾਂ ਦੌਰਾਨ ਉਹ ਦੇਸ਼ ਦੇ ਦੋ ਵਾਰ ਵਿਦੇਸ਼ ਮੰਤਰੀ ਤੇ ਦੋ ਵਾਰ ਰੱਖਿਆ ਮੰਤਰੀ ਬਣਨ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਮੰਤਰੀ ਵੀ ਰਹੇ। 30 ਅਕਤੂਬਰ 1994 ਨੂੰ ਕੇਂਦਰੀ ਮੰਤਰੀ ਸਵਰਨ ਸਿੰਘ ਸਵਰਗਵਾਸ ਹੋ ਗਏ।