ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਮੁੱਖ ਮੁਲਜ਼ਮ ਜਗਤਾਰ ਸਿੰਘ ਤਾਰਾ ਨੂੰ ਦੋ ਘੰਟੇ ਦੀ ਪੈਰੋਲ ਦਿੱਤੀ ਹੈ। ਉਸ ਨੂੰ ਇਹ ਪੈਰੋਲ ਭਤੀਜੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਦਿੱਤੀ ਗਈ ਹੈ।
ਹਾਸਲ ਜਾਣਕਾਰੀ ਮੁਤਾਬਕ ਅਦਾਲਤ ਨੇ ਜਗਤਾਰ ਤਾਰਾ ਨੂੰ ਆਪਣੀ ਭਤੀਜੀ ਦੇ ਵਿਆਹ ਲਈ 3 ਦਸੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਪੈਰੋਲ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਤਾਰਾ ਦੇ ਭਰਾ ਦੀ ਅਪ੍ਰੈਲ ‘ਚ ਮੌਤ ਹੋ ਗਈ ਸੀ ਪਰ ਉਸ ਸਮੇਂ ਤਾਰਾ ਨੂੰ ਜ਼ਮਾਨਤ ਨਹੀਂ ਮਿਲੀ ਸੀ। ਹੁਣ ਹਾਈਕੋਰਟ ਨੇ ਭਤੀਜੀ ਦੇ ਵਿਆਹ ਲਈ ਪੈਰੋਲ ਦੇ ਦਿੱਤੀ ਹੈ।
ਦੱਸ ਦੇਈਏ ਕਿ ਤਾਰਾ ਦੇ ਵਕੀਲ ਨੇ ਕਿਹਾ ਸੀ ਕਿ 3 ਦਸੰਬਰ ਨੂੰ ਉਸ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਪੈਰੋਲ ਦਿੱਤੀ ਜਾਵੇ ਪਰ ਵਿਚਾਰ ਕਰਨ ਤੋਂ ਬਾਅਦ ਅਦਾਲਤ ਨੇ ਉਸ ਨੂੰ ਦੋ ਘੰਟੇ ਲਈ ਪੈਰੋਲ ਦੇ ਦਿੱਤੀ ਹੈ। ਤਾਰਾ ਨੇੜੇ ਪੰਜਾਬ ਪੁਲਿਸ ਦੀ ਸੁਰੱਖਿਆ ਹਰ ਸਮੇਂ ਤਾਇਨਾਤ ਰਹੇਗੀ। ਠੀਕ ਦੋ ਘੰਟੇ ਬਾਅਦ ਉਸ ਨੂੰ ਦੁਬਾਰਾ ਜੇਲ੍ਹ ਆਉਣਾ ਪਵੇਗਾ।