ਸ਼੍ਰੀਹਰੀਕੋਟਾ- ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਐਕਸ-ਰੇਅ ਪੋਲਰੀਮੀਟਰ ਸੈਟੇਲਾਈਟ (XPoSAT) ਨੂੰ ਸਫ਼ਲਤਾਪੂਰਵਕ ਲਾਂਚ ਕੀਤਾ। ਨਵੇਂ ਸਾਲ ਯਾਨੀ ਕਿ 2024 ਨੂੰ ਇਸਰੋ ਨੇ ਇਤਿਹਾਸ ਰਚ ਦਿੱਤਾ ਹੈ। ਇਸਰੋ ਨੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸੈਟਰ ਤੋਂ XPoSAT ਸੈਟੇਲਾਈਟ ਦੀ ਲਾਂਚਿੰਗ ਕੀਤੀ ਹੈ। ਇਹ ਸੈਟੇਲਾਈਟ ਪੁਲਾੜ ਵਿਚ ਹੋਣ ਵਾਲੇ ਰੈਡੀਏਸ਼ਨ ਦੀ ਸਟੱਡੀ ਕਰੇਗਾ। ਇਸ ਤੋਂ ਇਲਾਵਾ ਸੈਟੇਲਾਈਟ ਬਲੈਕ ਹੋਲ ਵਰਗੀਆਂ ਖਗੋਲੀ ਰਚਨਾਵਾਂ ਦੇ ਰਹੱਸਾਂ ਤੋਂ ਪਰਦਾ ਚੁੱਕੇਗਾ। ਇਸ ਮਿਸ਼ਨ ਦਾ ਜੀਵਨ ਕਾਲ ਕਰੀਬ 5 ਸਾਲ ਦਾ ਹੈ।
ਇਸਰੋ ਨੇ 2023 ਵਿਚ ਚੰਦਰਮਾ ‘ਤੇ ਸਫ਼ਲਤਾ ਹਾਸਲ ਕਰਨ ਮਗਰੋਂ ਭਾਰਤ 2024 ਦੀ ਸ਼ੁਰੂਆਤ ਬ੍ਰਹਿਮੰਡ ਅਤੇ ਇਸ ਦੇ ਸਥਾਈ ਰਹੱਸਾਂ ਵਿਚੋਂ ਇਕ ਬਲੈਕ ਹੋਲ ਬਾਰੇ ਹੋਰ ਵਧੇਰੇ ਸਮਝ ਲਈ ਮਹੱਤਵਪੂਰਨ ਮੁਹਿੰਮ ਸ਼ੁਰੂ ਕੀਤੀ ਹੈ। ਐਡਵਾਂਸਡ ਐਸਟ੍ਰੋਨੋਮੀ ਆਬਜ਼ਰਵੇਟਰੀ ਲਾਂਚ ਕਰਨ ਵਾਲਾ ਭਾਰਤ ਦੁਨੀਆ ਦਾ ਦੂਜਾ ਦੇਸ਼ ਬਣ ਗਿਆ ਹੈ। ਇਸ ਨੂੰ ਵਿਸ਼ੇਸ਼ ਤੌਰ ‘ਤੇ ਬਲੈਕ ਹੋਲ ਅਤੇ ਨਿਊਟ੍ਰੋਨ ਤਾਰਿਆਂ ਦੇ ਅਧਿਐਨ ਲਈ ਤਿਆਰ ਕੀਤਾ ਗਿਆ ਹੈ।
ਬ੍ਰਹਿਮੰਡ ਦੇ ਰਹੱਸਾਂ ਦੀ ਪੜਚੋਲ ਕਰਨ ਲਈ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਭਾਰਤ ਦਾ ਇਹ ਤੀਜਾ ਮਿਸ਼ਨ ਹੈ। ਦੱਸ ਦੇਈਏ ਕਿ ਪਹਿਲਾ ਇਤਿਹਾਸਕ ਚੰਦਰਯਾਨ-3 ਮਿਸ਼ਨ ਸੀ, ਜਿਸ ਨੂੰ 14 ਜੁਲਾਈ, 2023 ਨੂੰ ਲਾਂਚ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ 2 ਸਤੰਬਰ, 2023 ਨੂੰ ਆਦਿਤਿਆ-ਐਲ1 ਸ਼ੁਰੂ ਕੀਤਾ ਗਿਆ ਸੀ। XPoSAT ਮਿਸ਼ਨ ‘ਚ PSLV ਆਪਣੀ 60ਵੀਂ ਉਡਾਣ ਭਰੇਗਾ। 469 ਕਿਲੋਗ੍ਰਾਮ XPoSAT ਨੂੰ ਲਿਜਾਣ ਤੋਂ ਇਲਾਵਾ 44 ਮੀਟਰ ਲੰਬੇ, 260 ਟਨ ਦੇ ਰਾਕੇਟ ਨੇ 10 ਪ੍ਰਯੋਗ ਕੀਤੇ।