ਨਵੀਂ ਦਿੱਲੀ: ਚੰਦਰਯਾਨ-3 ਮਿਸ਼ਨ ਦੀ ਸਫਲਤਾ ਤੋਂ ਉਤਸ਼ਾਹਿਤ ਇਸਰੋ ਮੁਖੀ ਐੱਸ. ਸੋਮਨਾਥ ਨੇ ਵੀਰਵਾਰ ਨੂੰ ਕਿਹਾ ਕਿ ਚੰਦਰਮਾ ਵਿਚ ਦਿਲਚਸਪੀ ਅਜੇ ਖਤਮ ਨਹੀਂ ਹੋਈ ਹੈ ਅਤੇ ਪੁਲਾੜ ਏਜੰਸੀ ਹੁਣ ਇਸ ਦੀ ਸਤ੍ਹਾ ਤੋਂ ਕੁਝ ਚੱਟਾਨਾਂ ਨੂੰ ਲਿਆਉਣ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਸੋਮਨਾਥ ਨੇ ਇੱਥੇ ਰਾਸ਼ਟਰਪਤੀ ਭਵਨ ਕਲਚਰਲ ਸੈਂਟਰ (ਆਰ. ਬੀ. ਸੀ. ਸੀ.) ਵਿੱਚ ਰਾਸ਼ਟਰਪਤੀ ਭਵਨ ਡਿਸਕਸ਼ਨ ਸੀਰੀਜ਼ ਦੌਰਾਨ ਆਪਣੇ ਲੈਕਚਰ ਵਿੱਚ ਚੰਦਰਮਾ ਤੋਂ ਚੱਟਾਨਾਂ ਨੂੰ ਲਿਆਉਣ ਦੇ ਮਿਸ਼ਨ ਦੇ ਵੇਰਵੇ ਸਾਂਝੇ ਕੀਤੇ।
ਦਰਸ਼ਕਾਂ ਦੀਆਂ ਤਾੜੀਆਂ ਦੀ ਗੂੰਜ ਵਿਚਾਲੇ ਸੋਮਨਾਥ ਨੇ ਕਿਹਾ,‘‘ ਇਸ ਲਈ ਅਸੀਂ ਫਿਲਹਾਲ ਇਸ ਤਰ੍ਹਾਂ ਦੇ ਮਿਸ਼ਨ ’ਤੇ ਕੰਮ ਕਰ ਰਹੇ ਹਾਂ ਅਤੇ ਇਸ ਨੂੰ ਅਗਲੇ 4 ਸਾਲਾਂ ’ਚ ਪੂਰਾ ਕਰਨਾ ਚਾਹਾਂਗੇ। ਇਹੀ ਸਾਡਾ ਟੀਚਾ ਹੈ।’’ ਆਪਣੀ ਤਕਰੀਬਨ 40 ਮਿੰਟ ਦੀ ਗੱਲਬਾਤ ਦੌਰਾਨ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਨੇ ਕਿਹਾ ਕਿ ਇਕ ਭਾਰਤੀ ਨੂੰ ਪੁਲਾੜ ’ਚ ਭੇਜਣ ਦਾ ਮਿਸ਼ਨ ਜਾਰੀ ਹੈ।