ਚਾਂਗ ਈ-6, ਸ਼ੀ ਜਿਨਪਿੰਗ ਨੇ ਮਿਸ਼ਨ ਦੀ ਸਫਲਤਾ ’ਤੇ ਦਿੱਤੀ ਵਧਾਈ
ਚੰਦ ਦੇ ਰਹੱਸਾਂ ਦਾ ਪਤਾ ਲਗਾਉਣ ਲਈ ਚੀਨ ਦਾ ਲਿਊਨਰ ਪ੍ਰੋਬ ਮਡਿਊਲ ਚਾਂਗ ਈ-6 ਚੰਦ ਦੇ ਦੂਰ-ਦਰਾਜ ਭਾਗ ਤੋਂ ਪਹਿਲੀ ਵਾਰ ਨਮੂਨੇ ਇਕੱਤਰ ਕਰ ਕੇ ਮੰਗਲਵਾਰ ਨੂੰ ਧਰਤੀ ’ਤੇ ਪਰਤ ਆਇਆ ਹੈ। ਚੀਨ ਇਕੋ-ਇਕ ਅਜਿਹਾ ਦੇਸ਼ ਹੈ ਜੋ ਚੰਦ ਦੇ ਦੂਰ-ਦਰਾਜ ਹਿੱਸੇ ’ਤੇ ਪਹੁੰਚਿਆ ਹੈ। ਉਸਨੇ 2019 ਵਿਚ ਪਹਿਲਾਂ ਵੀ ਅਜਿਹਾ ਕੀਤਾ ਸੀ।
ਚੀਨ ਦੇ ਰਾਸ਼ਟਰੀ ਪੁਲਾੜ ਪ੍ਰਸ਼ਾਸਨ ਨੇ ਐਲਾਨ ਕੀਤਾ ਕਿ ਚਾਂਗ ਈ-6 ਦੇ ਮੰਗੋਲੀਆ ਸਵੈਸ਼ਾਸਤ ਖੇਤਰ ਦੇ ਸਿਜਿਵਾਂਗ ਵਿਚ ਨਿਰਧਾਰਤ ਹਿੱਸੇ ਵਿਚ ਬੀਜਿੰਗ ਸਮੇਂ ਮੁਤਾਬਕ 2.07 ਵਜੇ ਉਤਰਿਆ। ਮਿਸ਼ਨ ਪੂਰੀ ਤਰ੍ਹਾਂ ਨਾਲ ਸਫਲ ਰਿਹਾ। ਚਾਂਗ ਈ-6 ਚੰਦ ਦੇ ਦੂਰ-ਦਰਾਜ ਭਾਗ ਤੱਕ ਪਹੁੰਚਣ ਅਤੇ ਉੱਥੋਂ ਨਮੂਨੇ ਇਕੱਠੇ ਕਰਨ ਵਾਲੀ ਪਹਿਲੀ ਪੁਲਾੜ ਮੁਹਿੰਮ ਹੈ।
ਵਿਸ਼ਾਲ ਟੋਇਆਂ ਦੇ ਕਾਰਨ ਚੰਦ ਦੇ ਇਸ ਇਲਾਕੇ ਵਿਚ ਪੁੱਜਣਾ ਚੁਣੌਤੀਪੂਰਨ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਸ ਮਿਸ਼ਨ ਦੀ ਸਫਲਤਾ ’ਤੇ ਵਧਾਈ ਦਿੱਤੀ ਹੈ। ਸੀਐੱਨਐੱਸਏ ਨੇ ਦੱਸਿਆ ਕਿ ਚਾਂਗ ਈ-6 ਚੰਦ ਦੇ ਇਸ ਭਾਗ ਤੋਂ ਦੋ ਕਿੱਲੋ ਧੂੜ ਅਤੇ ਚੱਟਾਨਾਂ ਲੈ ਕੇ ਧਰਤੀ ’ਤੇ ਪਰਤਿਆ ਹੈ। ਖੋਜੀ ਇਨ੍ਹਾਂ ਨਮੂਨਿਆਂ ’ਤੇ ਖੋਜ ਕਰਨਗੇ। ਚਾਂਗ ਈ-6 ਨੂੰ ਇਸ ਸਾਲ ਤਿੰਨ ਮਈ ਨੂੰ ਲਾਂਚ ਕੀਤਾ ਗਿਆ ਸੀ।