ਰਿਪੋਰਟ ਦੀ ਆਲੋਚਨਾ ਕਰਦੇ ਹੋਏ, ਭਾਰਤ ਨੇ ਦਾਅਵਿਆਂ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ
ਅਮਰੀਕਾ ਵਿਚ ਸਿੱਖ ਵੱਖਵਾਦੀ ਅਤੇ ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਕਥਿਤ ਅਸਫਲ ਸਾਜ਼ਿਸ਼ ‘ਤੇ ਅਮਰੀਕੀ ਸਰਕਾਰ ਨੇ ਪ੍ਰਤੀਕਿਰਿਆ ਦਿੱਤੀ ਹੈ।
ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਕਰਟ ਕੈਂਪਬੈਲ ਨੇ ਕਿਹਾ, “ਮੈਂ ਸਿਰਫ ਇਹ ਕਹਿਣਾ ਚਾਹਾਂਗਾ ਕਿ ਅਮਰੀਕਾ ਨੇ ਇਸ ਮੁੱਦੇ ਨੂੰ ਸਿੱਧੇ ਭਾਰਤ ਸਰਕਾਰ ਕੋਲ ਉੱਚ ਪੱਧਰ ‘ਤੇ ਉਠਾਇਆ ਹੈ। ਅਮਰੀਕਾ ਇਸ ਮਾਮਲੇ ‘ਤੇ ਜਵਾਬਦੇਹੀ ਚਾਹੁੰਦਾ ਹੈ। ਇਸ ਦੇ ਨਾਲ ਹੀ ਕਰਟ ਕੈਂਪਬੈਲ ਨੇ ਇਹ ਵੀ ਕਿਹਾ ਕਿ ਭਾਰਤ ਸਾਡੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ।”
ਅਮਰੀਕਾ ਨੇ ਭਾਰਤ ਤੋਂ ਮੰਗੀ ਅਪਡੇਟ
ਵਿਦੇਸ਼ ਮੰਤਰੀ ਕਰਟ ਕੈਂਪਬੈਲ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਗੁਰਪਤਵੰਤ ਸਿੰਘ ਪੰਨੂ ਦੇ ਮਾਮਲੇ ਵਿੱਚ ਅਮਰੀਕਾ ਨੇ ਭਾਰਤ ਤੋਂ ਅਪਡੇਟ ਮੰਗੀ ਹੈ। ਇਸ ਦੇ ਨਾਲ ਹੀ ਅਸੀਂ ਇਸ ਮਾਮਲੇ ‘ਚ ਭਾਰਤੀ ਜਾਂਚ ਕਮੇਟੀ ਤੋਂ ਲਗਾਤਾਰ ਅਪਡੇਟ ਚਾਹੁੰਦੇ ਹਾਂ।
ਜ਼ਿਕਰਯੋਗ ਹੈ ਕਿ ਨਿਖਿਲ ਗੁਪਤਾ ‘ਤੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਇੱਕ ਹੋਰ ਭਾਰਤੀ ਨਾਲ ਰਚਣ ਦਾ ਦੋਸ਼ ਹੈ। ਨਿਖਿਲ ਗੁਪਤਾ ਨੂੰ ਪਿਛਲੇ ਸਾਲ ਜੂਨ ‘ਚ ਚੈੱਕ ਗਣਰਾਜ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ।
ਆਖ਼ਰ ਕੀ ਹੈ ਸਾਰਾ ਮਾਮਲਾ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਨੇ ਹਾਲ ਹੀ ਵਿੱਚ ਪੰਨੂ ਦੀ ਹੱਤਿਆ ਦੀ ਭਾਰਤ ਦੀ ਕਥਿਤ ਸਾਜ਼ਿਸ਼ ਦੇ ਸਬੰਧ ਵਿੱਚ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦੇ ਇੱਕ ਅਧਿਕਾਰੀ ਦਾ ਨਾਮ ਜਨਤਕ ਕੀਤਾ ਸੀ।
ਰਿਪੋਰਟ ਦੀ ਆਲੋਚਨਾ ਕਰਦੇ ਹੋਏ, ਭਾਰਤ ਨੇ ਦਾਅਵਿਆਂ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਅਤੇ ਕਿਹਾ ਕਿ ਰਿਪੋਰਟ ਵਿੱਚ ਇੱਕ ਗੰਭੀਰ ਮਾਮਲੇ ‘ਤੇ ‘ਗੈਰ-ਵਾਜਬ ਅਤੇ ਬੇਬੁਨਿਆਦ’ ਦੋਸ਼ ਲਗਾਏ ਗਏ ਹਨ। ਮਾਮਲਾ ਅਜੇ ਜਾਂਚ ਅਧੀਨ ਹੈ।