ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹਨ ਨਾਲ ਗ੍ਰਹਿਣੀਆਂ ਦੀ ਰਸੋਈ ਦਾ ਬਜਟ ਵੀ ਵਿਗਾੜ ਕੇ ਰੱਖ ਦਿੱਤਾ ਹੈ।
ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹਨ ਨਾਲ ਗ੍ਰਹਿਣੀਆਂ ਦੀ ਰਸੋਈ ਦਾ ਬਜਟ ਵੀ ਵਿਗਾੜ ਕੇ ਰੱਖ ਦਿੱਤਾ ਹੈ। ਸਬਜ਼ੀਆਂ ਦੀ ਕਾਲਾਬਾਜਾਰੀ ਨਾਲ ਪਰਚੂਨ ’ਚ ਸਬਜ਼ੀਆਂ ਦੁਗਣੇ ਤੋਂ ਵੱਧ ਭਾਅ ’ਤੇ ਵੇਚੀਆਂ ਜਾ ਰਹੀਆਂ ਹਨ ਅਤੇ ਗ੍ਰਾਹਕਾਂ ਨੂੰ ਮਜਬੂਰੀ ਵਸ ਮਹਿੰਗੀ ਸਬਜ਼ੀ ਖਰੀਦਣੀ ਪੈ ਰਹੀ, ਜਿਸ ਨਾਲ ਰਸੋਈ ਦਾ ਖਰਚ ਵਧ ਗਿਆ ਹੈ। ਪਿਛਲੇ ਦਿਨੀਂ ਪਈ ਅੱਤ ਦੀ ਗਰਮੀ ਦੌਰਾਨ ਭਾਵੇ ਸਬਜ਼ੀਆਂ ਦੀ ਪੈਦਾਵਾਰ ਘੱਟ ਸੀ, ਜਿਸ ਕਾਰਨ ਭਾਅ ਉੱਚੇ ਸਨ ਪਰ ਹੁਣ ਬਰਸਾਤਾਂ ਸੁਰੂ ਹੋਣ ਨਾਲ ਸਬਜ਼ੀਆ ਦੀ ਪੈਦਵਾਰ ਭਰਪੂਰ ਹੋਣ ਨਾਲ ਥੋਕ ’ਚ ਸਬਜੀਆਂ ਦੇ ਰੇਟ ਘਟਣ ਦੇ ਬਾਵਜੂਦ ਵੀ ਪਰਚੂਨ ’ਚ ਸਬਜ਼ੀਆਂ ਵੇਚਣ ਵਾਲਿਆਂ ਵੱਲੋਂ ਗ੍ਰਾਹਕਾਂ ਨੂੰ ਖਰੀਦ ਨਾਲੋਂ ਦੋ ਤੋਂ ਤਿੰਨ ਗੁਣਾ ਵੱਧ ਰੇਟਾਂ ’ਤੇ ਸਬਜ਼ੀਆਂ ਦੀ ਵੇਚ ਕੀਤੀ ਜਾ ਰਹੀ। ਸਬਜ਼ੀ ਮੰਡੀ ਆਉਣ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਗਰਮੀ ਦੌਰਾਨ ਸਬਜੀਆਂ ਦੇ ਰੇਟ ਸਿਰਫ਼ 5 ਤੋਂ 10 ਰੁਪਏ ਤੱਕ ਵਧੇ ਸਨ, ਜੋ ਕਿ ਜਿਆਦਾ ਸਬਜ਼ੀ ਆਉਣ ਉਪਰੰਤ ਫਿਰ ਘਟ ਗਏ ਹਨ ਪ੍ਰੰਤੂ ਗ੍ਰਾਹਕ ਨੂੰ ਹੁਣ ਵੀ ਖਰੀਦ ਨਾਲੋਂ ਕਾਫ਼ੀ ਵੱਧ ਰੇਟ ’ਤੇ ਸਬਜ਼ੀਆਂ ਮਿਲ ਰਹੀਆਂ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹੋਰਨਾਂ ਸਟੇਟਾਂ ਤੋਂ ਆਉਣ ਵਾਲੀਆਂ ਸਬਜ਼ੀਆਂ ਮਹਿੰਗੇ ਭਾਅ ਮਿਲਣ ਕਾਰਨ ਰੇਟ ਵੱਧ ਹਨ।
ਕਿਸਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਬਰਸਾਤ ਤੋਂ ਪਹਿਲਾਂ ਉਨ੍ਹਾਂ ਨੂੰ ਬੈਂਗਣ ਦਾ ਭਾਅ 30 ਤੋਂ 35 ਰੁਪਏ ਮਿਲਦਾ ਸੀ ਤੇ ਹੁਣ ਇਹ ਭਾਅ ਘੱਟ ਕੇ 20 ਤੋਂ 25 ਰੁਪਏ ਹੋ ਗਿਆ ਹੈ ਪਰ ਦੁਕਾਨਦਾਰ ਤੇ ਰੇਹੜੀ ਵਾਲੇ ਇਹੀ ਬੈਂਗਣ 50 ਰੁਪਏ ਪ੍ਰਤੀ ਕਿੱਲੋਂ ਤੱਕ ਵੇਚ ਰਹੇ ਹਨ।ਇਸੇ ਤਰ੍ਹਾ ਘੀਆ ਮੰਡੀ ’ਚ 15 ਤੋਂ 20 ਰੁਪਏ ਵਿਕ ਰਿਹਾ ਹੈ ਪਰ ਬਜਾਰ ’ਚ 30 ਤੋਂ 40 ਰੁਪਏ ਪ੍ਰਤੀ ਕਿੱਲੋ ਮਿਲ ਰਿਹਾ ਹੈ।
ਪਟਿਆਲਾ ਵਾਸੀ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਸਬਜ਼ੀਆਂ ਦੇ ਵਧੇ ਰੇਟਾਂ ਨਾਲ ਮਹਿੰਗਾਈ ਦਾ ਗ੍ਰਾਫ਼ ਹੋਰ ਉੱਚਾ ਹੋ ਗਿਆ ਹੈ, ਜਿਸ ਨਾਲ ਆਰਥਿਕ ਬੋਝ ਹੋਰ ਵਧੇਗਾ। ਉਨ੍ਹਾਂ ਆਖਿਆ ਕਿ ਸਬਜ਼ੀਆਂ ਦੇ ਵਧੇ ਰੇਟਾਂ ਕਾਰਨ ਕਈ ਪਰਿਵਾਰ ਦਾਲਾਂ ਦੀ ਵਰਤੋਂ ਨੂੰ ਤਵੱਜੋ ਦੇ ਰਹੇ ਹਨ। ਸਬਜ਼ੀ ਮੰਡੀ ’ਚ ਕੰਮ ਕਰਨ ਵਾਲੇ ਕਮਿਸ਼ਨ ਏਜੰਟ ਦਾ ਕਹਿਣਾ ਹੈ ਕਿ ਜੂਨ ਮਹੀਨੇ ’ਚ ਰੇਟ ਵੱਧ ਸਨ ਪ੍ਰੰਤੂ ਹੁਣ ਥੋਕ ਦੇ ਰੇਟ ਘਟੇ ਹਨ।
ਸਬਜ਼ੀਆਂ ਦੇ ਰੇਟ
ਸਬਜ਼ੀਆਂ ਦੇ ਨਾਮ ਮੰਡੀ ਦਾ ਰੇਟ ਗ੍ਰਾਹਕ ਨੂੰ ਮਿਲਣ ਵਾਲੀ ਸਬਜ਼ੀ ਦਾ ਰੇਟ
ਘੀਆ 15-20 (ਰੁਪਏ) 30-40
ਟਮਾਟਰ . 40-50 ……………….. 80-100
ਬੈਂਗਣ … ………….. 20-25 …………………… 40-50
ਤੋਰੀ- ……………. 20-25 ……………….. 40-50
ਪੇਠਾ- ………….. 15-20 ………………….. 30-35
ਸ਼ਿਮਲਾ ਮਿਰਚ- …….. 50-55 ……………………. 70 -80
ਖੀਰਾ- ……………. 30-40 ……………………. 50-60
ਭਿੰਡੀ- ……………… 20-30 ……………….. 35-40
ਕਰੇਲਾ- ………….. 15-20 …………………. 35-40