ਸਾਨੂੰ ਆਜ਼ਾਦ ਹੋਇਆਂ 78 ਸਾਲ ਹੋ ਗਏ ਹਨ ਪਰ ਪੁਰਾਣੀਆਂ ਸੜਕਾਂ, ਸੀਵਰੇਜ ਅਤੇ ਕੂੜੇ ਦੇ ਢੇਰਾਂ ਦੀ ਸਮੱਸਿਆ ਹਾਲੇ ਵੀ ਬਰਕਰਾਰ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 78ਵੇਂ ਸੁਤੰਤਰਤਾ ਦਿਵਸ (Independence Day 2024) ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਝੰਡਾ ਲਹਿਰਾਇਆ। ਇਸ ਦੌਰਾਨ ਉਨ੍ਹਾਂ ਪਰੇਡ ਦਾ ਨਿਰੀਖਣ ਵੀ ਕੀਤਾ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕੀਤਾ।
ਝੰਡਾ ਲਹਿਰਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿੱਚ ਪੰਜਾਬੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਅਜ਼ਾਦੀ ਦਾ ਪੰਜਾਬੀਆਂ ਲਈ ਵਿਸ਼ੇਸ਼ ਮਹੱਤਵ ਹੈ।
ਕਿਉਂਕਿ ਆਜ਼ਾਦੀ ਲਈ ਪੰਜਾਬੀਆਂ ਨੇ 80 ਫੀਸਦੀ ਕੁਰਬਾਨੀਆਂ ਦਿੱਤੀਆਂ ਹਨ। ਪੰਜਾਬੀਆਂ ਨੇ ਦੇਸ਼ ਦੇ ਵਿਕਾਸ ਵਿੱਚ ਜੋ ਯੋਗਦਾਨ ਪਾਇਆ ਹੈ, ਉਹ ਦੁਨੀਆਂ ਵਿੱਚ ਕਿਤੇ ਨਹੀਂ ਮਿਲਦਾ।
ਮੁੱਖ ਮੰਤਰੀ ਭਗਵੰਤ ਨੇ ਅੱਗੇ ਕਿਹਾ ਕਿ ਸਾਨੂੰ ਆਜ਼ਾਦ ਹੋਇਆਂ 78 ਸਾਲ ਹੋ ਗਏ ਹਨ ਪਰ ਪੁਰਾਣੀਆਂ ਸੜਕਾਂ, ਸੀਵਰੇਜ ਅਤੇ ਕੂੜੇ ਦੇ ਢੇਰਾਂ ਦੀ ਸਮੱਸਿਆ ਹਾਲੇ ਵੀ ਬਰਕਰਾਰ ਹੈ। ਇਸ ਦੇ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪੈਣਾ ਹੈ।
ਮਾਨ ਨੇ ਕਿਹਾ ਕਿ ਹੁਣ ਮਾਲਵਾ ਨਹਿਰ ਬਣ ਰਹੀ ਹੈ ਅਤੇ ਧਾਰ ਕਲਾਂ ਵਿੱਚ 206 ਮੈਗਾਵਾਟ ਦਾ ਨਵਾਂ ਡੈਮ ਬਣਾਇਆ ਜਾ ਰਿਹਾ ਹੈ। ਇਸ ਨਾਲ ਬਿਜਲੀ ਦੀ ਸਮੱਸਿਆ ਹੱਲ ਹੋ ਜਾਵੇਗੀ। ਇਸ ਦੇ ਨਾਲ ਹੀ ਦੋਆਬਾ ਬਿਸਤ ਨਹਿਰ ਬਣਾਈ ਜਾਵੇਗੀ ਜੋ ਕਿ 24 ਘੰਟੇ ਚੱਲੇਗੀ, ਇਸ ਡੈਮ ਦਾ ਕੰਮ ਅਕਤੂਬਰ ਵਿੱਚ ਸ਼ੁਰੂ ਹੋ ਜਾਵੇਗਾ।
ਇਸ ਮੌਕੇ ਸ. ਮਾਨ ਨੇ ਉਨ੍ਹਾਂ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ।ਉਨ੍ਹਾਂ ਦੱਸਿਆ ਕਿ 19 ਖਿਡਾਰੀ ਖੇਡਣ ਗਏ ਸਨ, ਜਿਨ੍ਹਾਂ ਵਿੱਚੋਂ 10 ਪੰਜਾਬ ਦੇ ਸਨ। ਇਹ ਸਾਰੇ ਜਲੰਧਰ ਇਲਾਕੇ ਦੇ ਰਹਿਣ ਵਾਲੇ ਸਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੂੰ ਜਲਦੀ ਹੀ ਸਨਮਾਨਿਤ ਕੀਤਾ ਜਾਵੇਗਾ। ‘ਖੇੜਾ ਵਤਨ ਪੰਜਾਬ ਦੀਆ’ ਦੀ ਸ਼ੁਰੂਆਤ 28 ਅਗਸਤ ਨੂੰ ਸੰਗਰੂਰ ਤੋਂ ਕੀਤੀ ਜਾਵੇਗੀ।