ਕੇਂਦਰੀ ਬਜਟ 2024 ਵਿੱਚ ਪੰਜਾਬ ਨੂੰ ਅੱਖੋਂ ਪਰੋਖੋਂ ਕੀਤਾ ਗਿਆ ਹੈ
ਕੇਂਦਰੀ ਬਜਟ 2024 ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਖਜ਼ਾਨਾ ਮੰਤਰੀ ਨਿਰਮਲਾ ਸੀਤਾ ਰਮਨ ਨੇ ਦੇਸ਼ ਦਾ ਬਜਟ ਪੇਸ਼ ਕੀਤਾ ਪਰ ਇਸ ਬਜਟ ਵਿੱਚ ਪੰਜਾਬ ਨੂੰ ਦੇਸ਼ ਦਾ ਹਿੱਸਾ ਨਾ ਮੰਨਦਿਆਂ ਅੱਖੋਂ-ਪਰੋਖੇ ਕੀਤਾ ਗਿਆ ਹੈ। ਹੈਰਾਨੀਜਨਕ ਤਰੀਕੇ ਨਾਲ ਕੇਂਦਰੀ ਬਜਟ ਵਿੱਚ ਪੰਜਾਬ ਲਈ ਕੋਈ ਵੀ ਵੱਡਾ ਜਾਂ ਛੋਟਾ ਐਲਾਨ ਨਹੀਂ ਕੀਤਾ ਗਿਆ। ਇਸ ਦੌਰਾਨ ਬਜਟ ਸੈਸ਼ਨ ਦਾ ਹਿੱਸਾ ਬਣੇ ਪੰਜਾਬ ਦੇ ਸੰਸਦ ਮੈਂਬਰ ਭੜਕੇ ਉੱਠੇ।
ਸੰਸਦ ਭਵਨ ਬਾਹਰ ਪ੍ਰਦਰਸ਼ਨ: ਦੱਸ ਦਈਏ ਬਜਟ ਸੈਸ਼ਨ ਦੌਰਾਨ ਸੰਸਦ ਭਵਨ ਵਿੱਚ ਪੰਜਾਬ ਤੋਂ ਤਮਾਮ ਪਾਰਟੀਆਂ ਦੇ ਗਏ ਸੰਸਦ ਮੈਂਬਰ ਨੇ ਸ਼ਾਂਤੀ ਨਾਲ ਬਜਟ ਨੂੰ ਸੁਣਿਆ ਪਰ ਜਦੋਂ ਕੋਈ ਵੀ ਐਲਾਨ ਪੰਜਾਬ ਲਈ ਨਹੀਂ ਕੀਤਾ ਗਿਆ ਤਾਂ ਕਾਂਗਰਸ ਦੇ ਸਾਰੇ ਸੰਸਦ ਮੈਂਬਰਾਂ ਨੇ ਬਾਹਰ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਬਾਕੀ ਮੈਂਬਰਾਂ ਨੇ ਨਾਅਰੇ ਲਾਉਂਦੇ ਹੋਏ ਪੰਜਾਬ ਨਾਲ ਵਿਤਕਰਾ ਬੰਦ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਬਜਟ ਸੈਸ਼ਨ ਵਿੱਚ ਮੁੜ ਤੋਂ ਪੰਜਾਬੀਆਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਹੈ।
ਹੋਰਨਾਂ ਸੂਬਿਆਂ ਲਈ ਮੈਗਾ ਪ੍ਰੋਜੈਕਟ: ਦੂਜੇ ਪਾਸੇ ਕੇਂਦਰ ਸਰਕਾਰ ਹੋਰਨਾਂ ਸੂਬਿਆਂ ਉੱਤੇ ਮਿਹਰਬਾਨ ਦਿਖਾਈ ਦੇ ਰਹੀ ਹੈ। ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਤੀਜੇ ਕਾਰਜਕਾਲ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕੀਤਾ। ਇਸ ਬਜਟ ਵਿੱਚ ਕੇਂਦਰ ਸਰਕਾਰ ਨੇ ਆਂਧਰਾ ਪ੍ਰਦੇਸ਼ ਅਤੇ ਬਿਹਾਰ ਲਈ ਕਈ ਮੈਗਾ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ।
ਇਨ੍ਹਾਂ ‘ਚ ਕਈ ਐਕਸਪ੍ਰੈਸ ਹਾਈਵੇਅ, ਪਾਵਰ ਪ੍ਰੋਜੈਕਟ ਅਤੇ ਇੰਡਸਟਰੀਅਲ ਹੱਬ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਿਹਾਰ ਵਿੱਚ ਸੜਕੀ ਬੁਨਿਆਦੀ ਢਾਂਚੇ ਲਈ 26 ਹਜ਼ਾਰ ਕਰੋੜ ਰੁਪਏ ਦੀ ਵਿਵਸਥਾ ਜਿਨ੍ਹਾਂ ਵਿੱਚ ਪਟਨਾ-ਪੂਰਨੀਆ ਐਕਸਪ੍ਰੈਸ ਹਾਈਵੇ, ਬਕਸਰ-ਭਾਗਲਪੁਰ ਐਕਸਪ੍ਰੈਸ ਹਾਈਵੇ, ਬੋਧਗਯਾ-ਰਾਜਗੀਰ ਵੈਸ਼ਾਲੀ ਅਤੇ ਦਰਭੰਗਾ ਐਕਸਪ੍ਰੈਸ ਹਾਈਵੇ, ਬਕਸਰ ਵਿੱਚ ਗੰਗਾ ਨਦੀ ‘ਤੇ ਦੋ-ਮਾਰਗੀ ਪੁਲ ਦਾ ਨਿਰਮਾਣ,ਕਾਸ਼ੀ ਵਿਸ਼ਵਨਾਥ ਕੋਰੀਡੋਰ ਦੀ ਤਰਜ਼ ‘ਤੇ ਗਯਾ ਵਿੱਚ ਸਥਿਤ ਵਿਸ਼ਨੂੰਪਦ ਮੰਦਰ ਅਤੇ ਮਹਾਬੋਧੀ ਮੰਦਰ ਦਾ ਵਿਕਾਸ ਅਤੇ ਕੋਸੀ ਨਦੀ ਨਾਲ ਸਬੰਧਤ ਸਿੰਚਾਈ ਪ੍ਰਾਜੈਕਟ ਲਈ ਵਿਸ਼ੇਸ਼ ਪ੍ਰਬੰਧ ਕਰਨ ਸ਼ਾਮਿਲ ਹੈ।