7 ਵਾਰ ਕਾਂਗਰਸ ਤੇ 10 ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਦਾ ਗਵਾਹ ਬਣੇ ਇਸ ਹਲਕੇ ਦੀ ਗੱਲ ਕਰੀਏ
ਨਾਮਜ਼ਦਗੀਆਂ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਖਡੂਰ ਸਾਹਿਬ ਲੋਕ ਸਭਾ ਹਲਕੇ ’ਚ ਉਮੀਦਵਾਰ ਤੈਅ ਹੋ ਚੁੱਕੇ ਹਨ। ਮਾਝਾ, ਮਾਲਵਾ ਤੇ ਦੋਆਬਾ ਖੇਤਰ ’ਤੇ ਆਧਾਰਿਤ ਪੰਜਾਬ ਦੇ ਇਸ ਇਕਲੌਤੇ ਲੋਕ ਸਭਾ ਹਲਕੇ ’ਚ ਕਾਂਗਰਸ ਨੇ ਮਾਲਵੇ ਖਿੱਤੇ ਤੋਂ ਕੁਲਬੀਰ ਸਿੰਘ ਜ਼ੀਰਾ ਨੂੰ ਉਮੀਦਵਾਰ ਬਣਾਇਆ ਹੈ ਜਿਸ ਨੂੰ ਟੱਕਰ ਦੇਣ ਲਈ ਬਾਕੀਆਂ ਪਾਰਟੀਆਂ ਵੱਲੋਂ ਮੈਦਾਨ ਵਿਚ ਉਤਾਰੇ ਗਏ ਮਾਝੇ ਦੇ ਉਮੀਦਵਾਰ ਵੀ ਤਿਆਰ ਦਿਖਾਈ ਦੇ ਰਹੇ ਹਨ ਜਦੋਂਕਿ ਪਹਿਲਾਂ ਤਰਨਤਾਰਨ ਤੇ ਹੁਣ ਖਡੂਰ ਸਾਹਿਬ ਦੇ ਨਾਂ ਨਾਲ ਜਾਣੇ ਜਾਂਦੇ ਇਸ ਹਲਕੇ ’ਚ ਹੁਣ ਤੱਕ ਹੋਈਆਂ ਚੋਣਾਂ ਦੌਰਾਨ ਮਝੈਲਾਂ ਹੱਥ ਹੀ ਸਰਦਾਰੀ ਰਹੀ ਹੈ। ਹਾਲਾਂਕਿ ਇਕ ਵਾਰ ਮਾਲਵਾ ਖੇਤਰ ਨਾਲ ਸਬੰਧਤ ਸਿਮਰਨਜੀਤ ਸਿੰਘ ਮਾਨ ਨੇ ਇੱਥੋਂ ਇਕ ਵਾਰ ਉਸ ਵੇਲੇ ਚੋਣ ਜਿੱਤੀ ਸੀ ਜਦੋਂ ਉਹ ਜੇਲ੍ਹ ਵਿਚ ਬੰਦ ਸਨ। ਇਸ ਤੋਂ ਇਲਾਵਾ ਦੁਆਬਾ ਖੇਤਰ ਤੋਂ ਆਏ ਦੋ ਚਰਚਿਤ ਆਗੂਆਂ ਵੀ ਮਾਝੇ ਦੇ ਇਸ ਹਲਕੇ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।7 ਵਾਰ ਕਾਂਗਰਸ ਤੇ 10 ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਦਾ ਗਵਾਹ ਬਣੇ ਇਸ ਹਲਕੇ ਦੀ ਗੱਲ ਕਰੀਏ ਤਾਂ ਪਹਿਲੀ ਲੋਕ ਸਭਾ ਲਈ 1952 ’ਚ ਹੋਈ ਚੋਣ ਦੌਰਾਨ ਮਾਝਾ ਖੇਤਰ ਨਾਲ ਸਬੰਧਤ ਸੁਰਜੀਤ ਸਿੰਘ ਮਜੀਠੀਆ ਨੇ 23363 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਅਤੇ 1957 ਤੇ 1962 ’ਚ ਵੀ ਸੁਰਜੀਤ ਸਿੰਘ ਮਜੀਠੀਆ ਨੇ ਕ੍ਰਮਵਾਰ 44218 ਅਤੇ 1990 ਵੋਟਾਂ ਦੇ ਫ਼ਰਕ ਨਾਲ ਇਸ ਸੀਟ ਨੂੰ ਮਾਝੇ ਦੀ ਝੋਲੀ ਵਿਚ ਪਾਇਆ। 1967 ਦੀਆਂ ਚੋਣਾਂ ’ਚ ਕਾਂਗਰਸ ਨੇ ਮਾਝਾ ਖੇਤਰ ’ਚ ਘੁੱਗ ਵਸਦੇ ਤਰਨਤਾਰਨ ਦੇ ਪਿੰਡ ਪੰਜਵੜ ਵਾਸੀ ਗੁਰਦਿਆਲ ਸਿੰਘ ਢਿੱਲੋਂ ਨੇ 45192 ਵੋਟਾਂ ਨਾਲ ਜਿੱਤ ਹਾਸਲ ਕੀਤੀ ਅਤੇ 1971 ’ਚ ਵੀ ਗੁਰਦਿਆਲ ਸਿੰਘ ਢਿੱਲੋਂ ਨੇ ਮਾਝੇ ਦੀ ਝੰਡੀ ਖੜ੍ਹੀ ਰੱਖੀ। 1977 ’ਚ ਸ਼੍ਰੋਮਣੀ ਅਕਾਲੀ ਦਲ ਦੇ ਮੋਹਨ ਸਿੰਘ ਤੁੜ, 1980 ’ਚ ਸ਼੍ਰੋਮਣੀ ਅਕਾਲੀ ਦਲ ਦੇ ਲਹਿਣਾ ਸਿੰਘ ਤੁੜ, 1991 ’ਚ ਕਾਂਗਰਸ ਦੇ ਸੁਰਿੰਦਰ ਸਿੰਘ ਕੈਰੋਂ, 1985, 1998 ਅਤੇ 1999 ਦੀਆਂ ਚੋਣਾਂ ’ਚ ਤਰਲੋਚਨ ਸਿੰਘ ਤੁੜ ਨੇ ਮਾਝੇ ਦੇ ਉਮੀਦਵਾਰ ਵਜੋਂ ਜਿੱਤ ਦਰਜ ਕਰਵਾਈ। 2004 ’ਚ ਤਰਨਤਾਰਨ ਤੇ ਫਿਰ ਹਲਕਾਬੰਦੀ ਤੋਂ ਬਾਅਦ 2009 ’ਚ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਡਾ. ਰਤਨ ਸਿੰਘ ਅਜਨਾਲਾ ਨੇ ਇਸ ਸੀਟ ’ਤੇ ਮਝੈਲਾਂ ਦੀ ਸਰਦਾਰੀ ਬਰਕਾਰ ਰੱਖੀ। ਇਨ੍ਹਾਂ ਵਿੱਚੋਂ ਇਕ ਚੋਣ ਦੌਰਾਨ ਉਨ੍ਹਾਂ ਨੇ ਦੋਆਬਾ ਖੇਤਰ ਤੋਂ ਸਿਆਸਤ ਦੇ ਵੱਡੇ ਚਿਹਰੇ ਰਾਣਾ ਗੁਰਜੀਤ ਸਿੰਘ ਨੂੰ 32260 ਵੋਟਾਂ ਨਾਲ ਮਾਤ ਦਿੱਤੀ ਸੀ। 2014 ਦੀਆਂ ਲੋਕ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਝੇ ਦੇ ਜਰਨੈਲ ਕਹੇ ਜਾਂਦੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਜਿੱਥੇ ਜਿੱਤ ਦਰਜ ਕਰਵਾਈ, ਉਥੇ ਹੀ 2019 ਦੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਦੇ ਮਝੈਲ ਆਗੂ ਜਸਬੀਰ ਸਿੰਘ ਡਿੰਪਾ ਨੇ ਜਿੱਤ ਹਾਸਲ ਕੀਤੀ। ਇਨ੍ਹਾਂ ਚੋਣਾਂ ਵਿਚ ਵੀ ਦੋਆਬਾ ਖੇਤਰ ਨਾਲ ਸਬੰਧਤ ਬੀਬੀ ਜਗੀਰ ਕੌਰ ਜਿਨ੍ਹਾਂ ਦਾ ਸਿਆਸੀ ਕੱਦ ਸਮੁੱਚੇ ਪੰਜਾਬ ’ਚ ਮਾਇਨੇ ਰੱਖਦਾ ਹੈ, ਨੂੰ ਮਝੈਲਾਂ ਨੇ 1 ਲੱਖ 40 ਹਜ਼ਾਰ 300 ਵੋਟਾਂ ਨਾਲ ਮਾਤ ਦੇ ਦਿੱਤੀ। ਹਾਲਾਂਕਿ 1989 ’ਚ ਤਰਨਤਾਰਨ ਲੋਕ ਸਭਾ ਹਲਕਾ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ ਮਾਨ ਵੱਲੋਂ ਸਿਮਰਨਜੀਤ ਸਿੰਘ ਮਾਨ ਨੇ ਇੱਥੋਂ 4 ਲੱਖ 80 ਹਜ਼ਾਰ 417 ਵੋਟਾਂ ਨਾਲ ਚੋਣ ਜਿੱਤੀ ਸੀ ਅਤੇ ਉਹ ਮਾਲਵਾ ਖੇਤਰ ਨਾਲ ਸਬੰਧ ਰੱਖਦੇ ਸਨ। ਸਭ ਤੋਂ ਵੱਧ ਵੋਟਾਂ ਨਾਲ ਇਸ ਹਲਕੇ ਤੋਂ ਜਿੱਤਣ ਵਾਲੇ ਇਕੱਲੇ ਗ਼ੈਰ-ਮਾਝਾ ਆਗੂ ਵੀ ਬਣੇ।ਖਡੂਰ ਸਾਹਿਬ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਪੰਜ-ਕੋਣੀ ਮੁਕਾਬਲੇ ਵਾਲੀ ਸਥਿਤੀ ’ਚ ਪਹੁੰਚ ਚੁੱਕੇ ਇਸ ਹਲਕੇ ਤੋਂ ਇਸ ਵਾਰ ਵੀ ਚਾਰ ਪ੍ਰਮੁੱਖ ਉਮੀਦਵਾਰ ਮਾਝਾ ਖੇਤਰ ਨਾਲ ਸਬੰਧਤ ਹਨ ਜਦੋਂਕਿ ਇਕ ਉਮੀਦਵਾਰ ਮਾਲਵੇ ਨਾਲ ਸਬੰਧ ਰੱਖਦਾ ਹੈ। ਇਥੋਂ ਪੰਜਾਬ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਲਾਲਜੀਤ ਸਿੰਘ ਭੁੱਲਰ ਜੋ ਪੱਟੀ ਤੋਂ ਵਿਧਾਇਕ ਹਨ ਅਤੇ ਮਾਝੇ ਦੇ ਰਹਿਣ ਵਾਲੇ ਹਨ, ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਉਹ ਪੰਜਾਬ ਕੈਬਨਿਟ ਵਿਚ ਮੰਤਰੀ ਵੀ ਹਨ। ਇਸੇ ਤਰ੍ਹਾਂ ਮਾਝੇ ਦੇ ਚਰਚਿਤ ਚਿਹਰੇ ਪ੍ਰੋ. ਵਿਰਸਾ ਸਿੰਘ ਵਲਟੋਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਵਿਚ ਹਨ ਤੇ ਭਾਰਤੀ ਜਨਤਾ ਪਾਰਟੀ ਨੇ ਵੀ ਇਸ ਹਲਕੇ ਤੋਂ ਮਝੈਲ ਨੂੰ ਉਮੀਦਵਾਰ ਬਣਾ ਕੇ ਮੈਦਾਨ ਵਿਚ ਉਤਾਰਿਆ ਹੈ। ਭਾਜਪਾ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਤਰਨਤਾਰਨ ਜ਼ਿਲ੍ਹੇ ਦੇ ਹੀ ਪਿੰਡ ਮੀਆਂਵਿੰਡ ਦੇ ਰਹਿਣ ਵਾਲੇ ਹਨ ਜਦੋਂਕਿ ਆਜ਼ਾਦ ਤੌਰ ’ਤੇ ਮੈਦਾਨ ਵਿਚ ਉੱਤਰੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਜੋ ਐੱਨਐੱਸਏ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ, ਵੀ ਮਾਝਾ ਖੇਤਰ ਨਾਲ ਸਬੰਧਤ ਹਨ। ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜੱਲੂਪੁਰ ਖੇੜਾ ਦੇ ਰਹਿਣ ਵਾਲੇ ਹਨ। ਚਾਰ ਮਝੈਲ ਉਮੀਦਵਾਰਾਂ ਦੇ ਮੁਕਾਬਲੇ ਕਾਂਗਰਸ ਪਾਰਟੀ ਨੇ ਕੁਲਬੀਰ ਸਿੰਘ ਜ਼ੀਰਾ ਨੂੰ ਮੈਦਾਨ ਵਿਚ ਉਤਾਰਿਆ ਹੈ। ਉਹ ਮਾਲਵਾ ਖੇਤਰ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਹਲਕਾ ਜ਼ੀਰਾ ਤੋਂ ਇਕ ਵਾਰ ਵਿਧਾਇਕ ਰਹਿ ਚੁੱਕੇ ਹਨ। ਹੁਣ ਵੇਖਣਾ ਹੋਵੇਗਾ ਕਿ ਪੰਥਕ ਕਹੇ ਜਾਣ ਵਾਲੇ ਇਸ ਹਲਕੇ ਤੋਂ ਇਸ ਵਾਰ ਵੀ ਮਝੈਲ ਆਪਣੀ ਸਰਦਾਰੀ ਬਰਕਾਰ ਰੱਖ ਪਾਉਂਦੇ ਹਨ ਜਾਂ ਨਹੀਂ।