ਅਦਾਲਤ ਨੇ 30 ਅਗਸਤ ਨੂੰ ਕਿਹਾ ਸੀ ਕਿ ਮੁਲਜ਼ਮ ਖ਼ਿਲਾਫ਼ ਅੱਗੇ ਵਧਣ ਲਈ ਕਾਫ਼ੀ ਆਧਾਰ ਹੈ।
ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਉੱਤਰੀ ਦਿੱਲੀ ਦੇ ਪੁਲ ਬੰਗਸ਼ ਇਲਾਕੇ ’ਚ ਤਿੰਨ ਲੋਕਾਂ ਦੀ ਹੱਤਿਆ ਦੇ ਮਾਮਲੇ ’ਚ ਰਾਉਜ ਐਵੇਨਿਊ ਸਥਿਤ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਕਾਂਗਰਸੀ ਆਗੂ(Congress Leader) ਜਗਦੀਸ਼ ਟਾਈਟਲਰ(Jagdish Tytler) ਖ਼ਿਲਾਫ਼ ਹੱਤਿਆ ਤੇ ਹੋਰ ਅਪਰਾਧਾਂ ਲਈ ਦੋਸ਼ ਤੈਅ ਕੀਤਾ ਹੈ। ਇਸ ਮਾਮਲੇ ’ਚ 40 ਸਾਲ ਬਾਅਦ 80 ਸਾਲਾ ਟਾਈਟਲਰ(Tytler) ’ਤੇ ਮੁਕੱਦਮਾ ਚੱਲੇਗਾ।
ਵਿਸ਼ੇਸ਼ ਜੱਜ ਰਾਕੇਸ਼ ਸਿਆਲ ਨੇ ਮਾਮਲੇ ’ਚ ਸੁਣਵਾਈ ਤੇ ਸਬੂਤਾਂ ਨੂੰ ਰਿਕਾਰਡ ’ਤੇ ਲੈਣ ਲਈ ਤਿੰਨ ਅਕਤੂਬਰ ਨੂੰ ਤਰੀਕ ਤੈਅ ਕੀਤੀ ਹੈ। ਸ਼ੁੱਕਰਵਾਰ ਨੂੰ ਸੁਣਵਾਈ ਦੌਰਾਨ ਜਗਦੀਸ਼ ਟਾਈਟਲਰ ਨੇ ਆਪਣੇ ਖ਼ਿਲਾਫ਼ ਲਗਾਏ ਗਏ ਦੋਸ਼ਾਂ ਤੋਂ ਇਨਕਾਰ ਕੀਤਾ।
ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ’ਚ ਟਰਾਇਲ ਦਾ ਸਾਹਮਣਾ ਕਰਨਗੇ। ਇਸ ਤੋਂ ਪਹਿਲਾਂ ਅਦਾਲਤ ਨੇ 30 ਅਗਸਤ ਨੂੰ ਕਿਹਾ ਸੀ ਕਿ ਮੁਲਜ਼ਮ ਖ਼ਿਲਾਫ਼ ਅੱਗੇ ਵਧਣ ਲਈ ਕਾਫ਼ੀ ਆਧਾਰ ਹੈ।
ਸੀਬੀਆਈ(CBI) ਵਲੋਂ ਦਾਖ਼ਲ ਚਾਰਜਸ਼ੀਟ ਮੁਤਾਬਕ, ਮਾਮਲੇ ਨਾਲ ਜੁੜੇ ਇਕ ਗਵਾਹ ਨੇ ਕਿਹਾ ਸੀ ਕਿ ਟਾਈਟਲਰ ਇਕ ਨਵੰਬਰ, 1984 ਨੂੰ ਗੁਰਦੁਆਰਾ ਪੁਲ ਬੰਗਸ਼ ਦੇ ਸਾਹਮਣੇ ਇਕ ਚਿੱਟੀ ਅੰਬੈਸਡਰ ਕਾਰ ਤੋਂ ਬਾਹਰ ਆਏ ਤੇ ਸਿੱਖਾਂ ਨੂੰ ਮਾਰ ਦਿਓ, ਉਨ੍ਹਾਂ ਨੇ ਸਾਡੀ ਮਾਂ ਨੂੰ ਮਾਰਿਆ ਹੈ, ਚੀਕ ਦੇ ਹੋਏ ਭੀੜ ਨੂੰ ਉਕਸਾਇਆ। ਇਸ ਤੋਂ ਬਾਅਦ ਭੀੜ ਨੇ ਤਿੰਨ ਸਿੱਖਾਂ ਦੀ ਹੱਤਿਆ ਕਰ ਦਿੱਤੀ।
ਚਾਰਜਸ਼ੀਟ ’ਚ ਕਿਹਾ ਗਿਆ ਹੈ ਕਿ ਸਥਿਤੀ ਨੂੰ ਦੇਖਣ ਤੋਂ ਬਾਅਦ ਇਕ ਬੱਸ ’ਚ ਮੌਜੂਦ ਕੁਝ ਯਾਤਰੀਆਂ ਨੇ ਇਕ ਸਿੱਖ ਚਸ਼ਮਦੀਦ ਨੂੰ ਆਪਣੀ ਪੱਗੜੀ ਉਤਾਰਨ ਤੇ ਆਪਣੇ ਘਰ ਵਾਪਸ ਜਾਣ ਦੀ ਸਲਾਹ ਦਿੱਤੀ।
ਇਕ ਹੋਰ ਗਵਾਹ ਨੇ ਦਾਅਵਾ ਕੀਤਾ ਕਿ ਉਸ ਨੇ ਗੁਰਦੁਆਰੇ ਦੇ ਸਾਹਮਣੇ ਭੀੜ ਨੂੰ ਪੈਟਰੋਲ ਭਰੇ ਡੱਬਿਆਂ, ਲਾਠੀਆਂ, ਤਲਵਾਰਾਂ ਤੇ ਰਾਡਾਂ ਲੈ ਕੇ ਉਸ ਸਮੇਂ ਦੇ ਸੰਸਦ ਮੈਂਬਰ ਜਗਦੀਸ਼ ਟਾਈਟਲਰ ਨਾਲ ਦੇਖਿਆ ਸੀ। ਪਿਛਲੇ ਸਾਲ ਅਗਸਤ ’ਚ ਇਕ ਸੈਸ਼ਨ ਕੋਰਟ ਨੇ ਟਾਈਟਲਰ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਸੀ।
ਇੰਦਰਾ ਗਾਂਧੀ(Indra Gandhi) ਦੀ ਹੱਤਿਆ ਤੋਂ ਬਾਅਦ ਭੜਕੀ ਸੀ ਹਿੰਸਾ
ਸਾਲ 1984 ’ਚ ਵਿਵਾਦਤ ਆਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਸਿੱਖ ਬਾਡੀਗਾਰਡਾਂ ਵਲੋਂ ਹੱਤਿਆ ਤੋਂ ਬਾਅਦ ਹਿੰਸਾ ਭੜਕ ਗਈ ਸੀ ਤੇ ਦੇਸ਼ ਭਰ ’ਚ ਸਿੱਖਾਂ ’ਤੇ ਹਮਲੇ ਹੋਏ ਸਨ। ਸਰਕਾਰੀ ਤੌਰ ’ਤੇ ਘੱਟੋ ਘੱਟ 3,000 ਲੋਕ ਮਾਰੇ ਗਏ।
ਦਿੱਲੀ ’ਚ ਕਾਂਗਰਸ ਦੇ ਪ੍ਰਮੁੱਖ ਆਗੂ ਰਹੇ ਟਾਈਟਲਰ ਦਾ ਨਾਂ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਕਰਨ ਵਾਲੀ ਨਾਨਾਵਤੀ ਕਮਿਸ਼ਨ ਦੀ ਰਿਪੋਰਟ ’ਚ ਵੀ ਸੀ। ਟਾਈਟਲਰ ਖ਼ਿਲਾਫ਼ ਇਹ ਮਾਮਲਾ ਉਨ੍ਹਾਂ ਤਿੰਨ ਮਾਮਲਿਆਂ ’ਚੋਂ ਇਕ ਸੀ, ਜਿਸ ਨੂੰ ਪੈਨਲ ਨੇ 2005 ’ਚ ਸੀਬੀਆਈ(CBI) ਵਲੋਂ ਮੁੜ ਖੋਲ੍ਹਣ ਦੀ ਸਿਫ਼ਾਰਸ਼ ਕੀਤੀ ਸੀ।