ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਰਾਮ ਮੂਰਤੀ ਦਾ ਕਹਿਣਾ ਹੈ
ਕੰਮ ਤੋਂ ਘਰ ਪਰਤ ਰਹੇ ਅਕਾਊਂਟੈਂਟ ਨੂੰ ਨਿਸ਼ਾਨਾ ਬਣਾਉਂਦਿਆਂ ਦੋ ਬਦਮਾਸ਼ਾਂ ਨੇ ਉਸ ਕੋਲੋਂ 35 ਹਜ਼ਾਰ ਰੁਪਏ ਦੀ ਰਕਮ ਲੁੱਟ ਲਈ l ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਗਿਆਨ ਚੰਦ ਨਗਰ ਲੁਹਾਰਾ ਦੇ ਰਹਿਣ ਵਾਲੇ ਮਨਦੀਪ ਕੁਮਾਰ ਨੇ ਦੱਸਿਆ ਕਿ ਉਹ ਢੰਡਾਰੀ ਦੀ ਇੱਕ ਕੰਪਨੀ ਵਿੱਚ ਬਤੌਰ ਅਕਾਊਂਟੈਂਟ ਕੰਮ ਕਰਦਾ ਹੈ l ਉਸਦਾ ਇੱਕ ਰਿਸ਼ਤੇਦਾਰ ਹਸਪਤਾਲ ਵਿੱਚ ਦਾਖਲ ਹੈ, ਜਿਸ ਦੇ ਇਲਾਜ ਲਈ ਉਸਨੇ ਕੰਪਨੀ ਕੋਲੋਂ 35 ਹਜ਼ਾਰ ਰੁਪਏ ਲਏ ਸਨ l ਮਨਦੀਪ ਕੁਮਾਰ ਦੇ ਇੱਕ ਸਾਥੀ ਮੁਲਾਜ਼ਮ ਨੇ ਉਸਨੂੰ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਘਰ ਦੇ ਅੱਧੇ ਰਸਤੇ ਤੱਕ ਛੱਡ ਦਿੱਤਾ l ਸ਼ਾਮ 7 ਵਜੇ ਦੇ ਕਰੀਬ ਉਹ ਪੈਦਲ ਹੀ ਘਰ ਵੱਲ ਜਾ ਰਿਹਾ ਸੀ, ਜਿਵੇਂ ਹੀ ਮਨਦੀਪ ਲੁਹਾਰਾ ਰੋਡ ਕੰਗਣਵਾਲ ਦੇ ਕੋਲ ਪਹੁੰਚਿਆ ਤਾਂ ਯੂਪੀਟਰ ਸਕੂਟਰ ਸਵਾਰ ਦੋ ਨੌਜਵਾਨਾਂ ਨੇ ਉਸਨੂੰ ਘੇਰ ਲਿਆ l
ਮਨਦੀਪ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਆਖਿਆ ਕਿ ਉਸਨੇ ਉਨ੍ਹਾਂ ਦੇ ਲੱਤ ਮਾਰੀ ਹੈ l ਕੁਝ ਸਮਾਂ ਬਹਿਸ ਕਰਨ ਤੋਂ ਬਾਅਦ ਬਦਮਾਸ਼ਾਂ ’ਚੋਂ ਇੱਕ ਨੇ ਮਨਦੀਪ ਨੂੰ ਆਖਿਆ ਕਿ ਗ਼ਲਤੀ ਉਨ੍ਹਾਂ ਦੀ ਹੀ ਹੈ ਇਸ ਲਈ ਉਹ ਮਨਦੀਪ ਕੋਲੋਂ ਮਾਫੀ ਮੰਗਦੇ ਹਨ l ਇਹ ਗੱਲ ਆਖ ਕੇ ਇੱਕ ਨੌਜਵਾਨ ਨੇ ਮਨਦੀਪ ਕੁਮਾਰ ਨੂੰ ਕਮਰ ਤੋਂ ਫੜ ਲਿਆl ਦੂਸਰੇ ਨੌਜਵਾਨ ਨੇ ਉਸਦੀ ਜੇਬ ਚੋਂ 35 ਹਜ਼ਾਰ ਰੁਪਏ ਕੱਢੇ ਅਤੇ ਦੋਵੇਂ ਸਕੂਟਰ ’ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ l
ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਰਾਮ ਮੂਰਤੀ ਦਾ ਕਹਿਣਾ ਹੈ ਕਿ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਗਿਆਨ ਚੰਦ ਨਗਰ ਲੁਹਾਰਾ ਦੇ ਰਹਿਣ ਵਾਲੇ ਮਨਦੀਪ ਕੁਮਾਰ ਦੀ ਸ਼ਿਕਾਇਤ ’ਤੇ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ਼ ਮੁੱਕਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ l ਸੂਤਰਾਂ ਨੇ ਦੱਸਿਆ ਕਿ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ l ਪੁਲਿਸ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰ ਕੇ ਵਧੇਰੇ ਜਾਣਕਾਰੀਆਂ ਹਾਸਲ ਕਰਨ ਵਿੱਚ ਜੁੱਟ ਗਈ ਹੈ l