ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਬਾਲ ਕੇ ਆਪਣੀਆਂ ਫ਼ਸਲਾਂ ਪਾਲਣੀਆਂ ਪੈ ਰਹੀਆਂ ਹਨ।
ਜਿਲ੍ਹੇ ਦੇ ਕਈ ਪਿੰਡਾਂ ਵਿੱਚ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਸਿੰਚਾਈ ਲਈ ਪੂਰਾ ਨਹਿਰੀ ਪਾਣੀ ਅਤੇ ਬਿਜਲੀ ਨਹੀਂ ਮਿਲ ਰਹੀ ਜਿਸ ਕਾਰਨ ਕਿਸਾਨਾਂ ਦੀ ਝੋਨੇ ਦੀ ਫਸਲ ਸੁੱਕਣ ਲੱਗੀ ਹੈ ਅਤੇ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜਲ ਬਾਲ ਕੇ ਆਪਣੀਆ ਫਸਲਾਂ ਪਾਲਣੀਆਂ ਪੈ ਰਹੀਆਂ ਹਨ।
ਇਸ ਸਬੰਧੀ ਗੱਲਬਾਤ ਕਰਦਿਆਂ ਫਰੀਦਕੋਟ ਦੇ ਨਾਲ ਲੱਗਦੇ ਪਿੰਡ ਚਹਿਲ ਦੇ ਕਿਸਾਨਾਂ ਨੇ ਆਪਣੀਆਂ ਫਸਲਾਂ ਦਿਖਾਉਂਦੇ ਹੋਏ ਕਿਹਾ ਕਿ ਫਰੀਦਕੋਟ ਵਿੱਚ ਇਸ ਵਾਰ ਨਾਂ ਤਾਂ ਬਰਸਾਤ ਹੋਈ ਹੈ ਅਤੇ ਨਾਂ ਹੀ ਬਿਜਲੀ ਸਪਲਾਈ ਪੂਰੀ ਦਿੱਤੀ ਜਾ ਰਹੀ ਹੈ। ਜਿਸ ਕਾਰਨ ਕਿਸਾਨਾਂ ਦੀ ਝੋਨੇ ਦੀ ਫਸਲ ਪੂਰੀ ਤਰਾਂ ਔੜ ਕਾਰਨ ਬਰਬਾਦ ਹੋ ਰਹੀ ਹੈ।
ਕਿਸਾਨਾਂ ਨਾਲ ਕੀਤੇ ਵਾਅਦੇ ਨਹੀਂ ਹੋਏ ਪੂਰੇ: ਕਿਸਾਨਾਂ ਨੇ ਦੱਸਿਆ ਕਿ ਬਹੁਤੇ ਕਿਸਾਨ ਅਜਿਹੇ ਹਨ ਜਿੰਨਾਂ ਨੇ ਕਰੀਬ 60-60 ਹਜ਼ਾਰ ਰੁਪਏ ਠੇਕੇ ‘ਤੇ ਜਮੀਨਾਂ ਲੈ ਕੇ ਖੇਤੀ ਕੀਤੀ ਹੈ ਅਤੇ ਹੁਣ ਫਸਲ ਪਾਲਣ ਲਈ ਉਹਨਾਂ ਨੂੰ ਮਹਿੰਗੇ ਭਾਅ ਦਾ ਡੀਜਲ ਬਾਲਣਾਂ ਪੈ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਸਰਕਾਰ ਆਪਣਾ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ, ਕਿਉਂਕਿ ਸਰਕਾਰ ਦਾਅਵਾ ਕਰਦੀ ਸੀ ਕਿ ਕਿਸਾਨਾਂ ਨੂੰ ਨਹਿਰੀ ਪਾਣੀ ਪੂਰਾ ਦਿੱਤਤ ਜਾਵੇਗਾ ਅਤੇ ਮੋਟਰਾਂ ਬੰਦ ਕਰ ਕੇ ਝੋਨਾਂ ਲਗਾਇਆ ਜਾਵੇਗਾ।
ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੂੰ ਨਾਂ ਤਾਂ ਨਹਿਰੀ ਪਾਣੀ ਪੂਰਾ ਮਿਲ ਰਿਹਾ ਅਤੇ ਨਾਂ ਹੀ ਬਿਜਲੀ ਸਪਲਾਈ ਪੂਰੀ ਮਿਲ ਰਹੀ ਹੈ ਜਿਸ ਕਾਰਨ ਹੁਣ ਉਨ੍ਹਾਂ ਨੂੰ ਆਪਣੀਆਂ ਫਸਲਾਂ ਬਚਾਉਣ ਲਈ ਮਹਿੰਗੇ ਭਾਅ ਦਾ ਡੀਜਲ ਬਾਲਣਾਂ ਪੈ ਰਿਹਾ।ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਬਿਜਲੀ ਸਪਲਾਈ ਪੂਰੀ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਹੋਰ ਆਰਥਿਕ ਨੁਕਸਾਨ ਨਾਂ ਝੱਲਣਾਂ ਪਵੇ।
ਉਥੇ ਹੀ, ਇਸ ਪੂਰੇ ਮਾਮਲੇ ਬਾਰੇ ਜਦ ਪੀਐਸਪੀਸੀਐਲ ਫਰੀਦਕੋਟ ਦੇ ਐਸ.ਈ. ਪਰਮਪਾਲ ਸਿੰਘ ਬੁੱਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਕਰੀਬ ਪੌਣੇ 7 ਘੰਟੇ ਲਗਾਤਾਰ ਬਿਜਲੀ ਸਪਲਾਈ ਦਿੱਤੀ ਜਾ ਰਹੀ ।
ਉਹਨਾਂ ਕਿਹਾ ਕਿ ਕਈਵਾਰ ਪਾਵਰ ਕੱਟ ਇਸ ਲਈ ਲਗਾਉਣਾਂ ਪੈਂਦਾ ਕਿ ਪੂਰਾ ਸਿਸਟਮ ਖਰਾਬ ਨਾਂ ਹੋ ਜਾਵੇ ਕਿਉਕਿ ਜਿਆਦਾ ਲੋੜ ਕਾਰਨ ਅੱਜ ਕੱਲ੍ਹ ਸਿਸਟਮ ਖਰਾਬ ਹੋਣ ਦਾ ਡਰ ਬਣਿਆ ਰਹਿੰਦਾ। ਉਹਨਾਂ ਕਿਹਾ ਕਿ ਫਿਰ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਸਾਨਾਂ ਨੂੰ ਪੂਰੀ ਬਿਜਲੀ ਸਪਲਾਈ ਦਿੱਤੀ ਜਾਵੇ।