ਲੁਧਿਆਣਾ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਜਲੰਧਰ ਬਾਈਪਾਸ ਸਥਿਤ ਦਾਣਾ ਮੰਡੀ ਵਿਖੇ ਭਰਵੀਂ ਚੋਣ ਰੈਲੀ ਹੋਈ।
ਇਸ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ ’ਤੇ ਲੁਧਿਆਣਾ ਪਹੁੰਚੇ। ਜਿਉਂ ਹੀ ਸ਼ਾਮ 5:30 ਵਜੇ ਦੇ ਕਰੀਬ ਅਮਿਤ ਸ਼ਾਹ ਰੈਲੀ ਵਾਲੀ ਥਾਂ ਤੇ ਪਹੁੰਚੇ ਤਾਂ ਠਾਠਾਂ ਮਾਰਦੇ ਇਕੱਠ ਨੇ ‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਨਾਲ ਅਮਿਤ ਸ਼ਾਹ ਦਾ ਸਵਾਗਤ ਕੀਤਾ। ਅਮਿਤ ਸ਼ਾਹ ਨੇ ‘ਭਾਰਤ ਮਾਤਾ ਕੀ ਜੈ’, ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਅਤੇ ‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਨਾਲ ਮੰਚ ਤੋਂ ਰੈਲੀ ਵਿੱਚ ਸ਼ਾਮਿਲ ਹਜ਼ਾਰਾਂ ਦੇ ਇਕੱਠ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ। ਇਸ ਮੌਕੇ ਉਨ੍ਹਾਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ’ਚ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ, ਸ਼ਹੀਦ ਭਗਤ ਸਿੰਘ ਅਤੇ ਲਾਲਾ ਲਾਜਪਤ ਰਾਏ ਜੀ ਨੂੰ ਵੀ ਨਮਨ ਕੀਤਾ। ਇਸਤੋਂ ਇਲਾਵਾ ਉਨ੍ਹਾਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ, ਅੱਤਵਾਦ ਖਿਲਾਫ਼ ਲੜਾਈ ਲੜ ਆਪਣੀਆਂ ਜਾਨਾਂ ਵਾਰ ਕੇ ਦੇਸ਼ ਵਿੱਚ ਅਮਨ ਸ਼ਾਤੀ ਕਾਇਮ ਕਰਨ ਵਾਲੇ ਪੰਜਾਬ ਦੇ ਸ਼ਹੀਦ ਜਵਾਨਾਂ ਨੂੰ ਨਤਮਸਤਕ ਹੁੰਦੇ ਹੋਏ ਸ਼ਰਧਾਂਜਲੀ ਦਿੱਤੀ।
ਉਨ੍ਹਾਂ ਕਿਹਾ ਕਿ ਜਦੋਂ ਮੈਂ ਛੋਟਾ ਸੀ ਤਾਂ ਮੇਰੇ ਅਧਿਆਕਾਂ ਨੇ ਮੈਨੂੰ ਬਚਪਨ ਤੋਂ ਹੀ ਪੜ੍ਹਾਇਆ ਕਿ ਪੰਜਾਬ ਉਹ ਸੂਬਾ ਹੈ, ਜਿਸਨੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਦਿੱਤਾ, ਜਦੋਂ ਕਿ ਪੰਜਾਬ ਹੀ ਦੇਸ਼ ਦਾ ਢਿੱਡ ਨਾ ਭਰਦਾ। ਉਨ੍ਹਾਂ ਫਿਰ ਕਿਹਾ ਕਿ ਦੇਸ਼ ਦੀ ਸੁਰੱਖਿਆ ਕਰਨ ਦਾ ਕੰਮ ਪੰਜਾਬ ’ਚੋਂ ਨਿਕਲੇ ਜਵਾਨਾਂ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਜਦੋਂ ਕਸ਼ਮੀਰੀ ਪੰਡਿਤਾਂ ਨੇ ਗੁਰੂ ਸਾਹਿਬ ਨੂੰ ਉਨ੍ਹਾਂ ‘ਤੇ ਹੋ ਰਹੇ ਜ਼ੁਲਮਾਂ ਬਾਰੇ ਦੱਸਿਆ ਤਾਂ ਗੁਰੂ ਸਾਹਿਬ ਨੇ ਹਿੰਦੂ ਧਰਮ ਨੂੰ ਬਚਾਉਣ ਲਈ ਦਿੱਲੀ ਵਿੱਚ ਸਰਵਉਚ ਬਲਿਦਾਨ ਦਿੱਤਾ, ਜਿਸਨੂੰ ਕੋਈ ਵੀ ਹਿੰਦੂ ਕਦੇ ਵੀ ਭੁਲਾ ਨਹੀਂ ਸਕਦਾ।
ਅੱਜ ਜੇਕਰ ਹਿੰਦੂ ਧਰਮ ਬਚਿਆ ਹੈ ਤਾਂ ਉਹ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਸਦਕਾ ਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਪੰਜ ਚਰਨਾਂ ਦੀਆਂ ਚੋਣਾਂ ਵਿੱਚ ਮੋਦੀ ਨੂੰ 300 ਤੋਂ ਵੱਧ ਸੀਟਾਂ ਆ ਰਹੀਆਂ ਹਨ, ਜੋ ਕਿ ਛੇਵੇਂ ਅਤੇ ਸੱਤਵੇਂ ਚਰਨ ਵਿੱਚ ਪੈਣ ਵਾਲੀਆਂ ਵੋਟਾਂ ਵਿੱਚ 400 ਤੋਂ ਪਾਰ ਹੋ ਜਾਣਗੀਆਂ। ਅਮਿਤ ਸ਼ਾਹ ਨੇ ਕਿਹਾ ਕਿ ਮੋਦੀ-3 ਦੀ ਸਰਕਾਰ ਵਿੱਚ ਤੁਸੀਂ ਰਵਨੀਤ ਸਿੰਘ ਬਿੱਟੂ ਦੇ ਜ਼ਰੀਏ ਇਕ ਕਮਲ ਭੇਜੋ, ਜਿਸਤੋਂ ਬਾਅਦ ਲੁਧਿਆਣਾ ਦੇ ਰਵਨੀਤ ਸਿੰਘ ਬਿੱਟੂ ਨੂੰ ਤਾਕਤਵਰ ਬਣਾਉਣ ਦਾ ਕੰਮ ਉਨ੍ਹਾਂ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਪੰਜ ਸਾਲਾਂ ਤੋਂ ਮੇਰੇ ਬਹੁਤ ਹੀ ਪਿਆਰੇ ਦੋਸਤ ਹਨ, ਜਿਨ੍ਹਾਂ ਨੇ ਵੀ ਬਿੱਟੂ ਦੇ ਦਾਦਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਕੀਤੀ ਹੈ, ਉਨ੍ਹਾਂ ਨੂੰ ਮਾਫ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ 1 ਜੂਨ ਨੂੰ ਕੇਜਰੀਵਾਲ ਜੇਲ੍ਹ ਚਲੇ ਜਾਣਗੇ ਅਤੇ 6 ਜੂਨ ਨੂੰ ਰਾਹੁਲ ਬਾਬਾ ਛੁੱਟੀਆਂ ਮਨਾਉਣ ਬੈਂਕਾਕ ਚਲੇ ਜਾਣਗੇ। ਉਨ੍ਹਾਂ ਕਿਹਾ ਕਿ ਇਕ ਨਰਿੰਦਰ ਮੋਦੀ ਹੀ ਹਨ ਜੋ ਬਿਨਾਂ ਛੁੱਟੀ ਕੀਤੇ ਦੀਵਾਲੀ ਵਾਲੇ ਦਿਨ ਵੀ ਸਰਹੱਦਾਂ ਤੇ ਜਵਾਨਾਂ ਨੂੰ ਮਿਲ ਉਨ੍ਹਾਂ ਦੇ ਹੌਂਸਲੇ ਵਧਾਉਂਦੇ ਹਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੇ ਵਰ੍ਹਦਿਆਂ ਕਿਹਾ ਕਿ ਇਨ੍ਹਾਂ ਨੇ 12 ਲੱਖ ਕਰੋੜ ਦਾ ਘਪਲਾ ਕੀਤਾ ਹੈ, ਜਿਸਦਾ ਹਿਸਾਬ ਲਿਆ ਜਾਵੇਗਾ। ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਤੇ ਇੱਕ ਵੀ ਪੈਸੇ ਦੀ ਦੁਰਵਰਤੋਂ ਦਾ ਦੋਸ਼ ਨਹੀਂ ਹੈ।