ਹੁਸ਼ਿਆਰਪੁਰ ਤੋਂ ਲੁੱਟ-ਖੋਹ ਦੀ ਖਬਰ ਆਈ ਹੈ। ਇੱਥੇ ਸਕੂਟਰ ‘ਤੇ ਜਾ ਰਹੇ ਭੈਣ-ਭਰਾ ਨੂੰ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਲੁੱਟ ਲਿਆ। ਲੁਟੇਰਿਆਂ ਨੇ ਲੱਖਾਂ ਦੇ ਗਹਿਣੇ ਤੇ ਨਕਦੀ ਲੁੱਟ ਲਈ ਹੈ। ਲੁਟੇਰਿਆਂ ਨੇ ਤਿੰਨ ਸਾਲ ਦੇ ਬੱਚੇ ਦੀ ਵੀ ਕੁੱਟਮਾਰ ਕੀਤੀ। ਹਾਜੀਪੁਰ ਪੁਲਿਸ ਦੀ ਢਿੱਲੀ ਕਾਰਵਾਈ ਵੀ ਸਾਹਮਣੇ ਆਈ ਹੈ। ਹੈਰਾਨੀ ਦੀ ਗੱਲ ਹੈ ਕਿ ਜਾਇਜ਼ਾ ਲੈ ਲਈ ਪੁਲਿਸ 4 ਦਿਨ ਬਾਅਦ ਘਟਨਾ ਵਾਲੀ ਥਾਂ ‘ਤੇ ਪਹੁੰਚੀ।
ਹਾਸਲ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਵਿਧਾਨ ਸਭਾ ਹਲਕਾ ਦਸੂਹਾ ਵਿੱਚ ਕੁਝ ਦਿਨ ਪਹਿਲਾਂ ਆਪਣੇ ਭਰਾ ਤੇ ਬੱਚੇ ਨਾਲ ਨਾਨਕੇ ਘਰ ਜਾ ਰਹੀ ਇੱਕ ਔਰਤ ਨੂੰ ਦੋ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਲੁੱਟ ਲਿਆ ਸੀ। ਪੀੜਤ ਔਰਤ ਅਲਕਾ ਰਾਣੀ ਨੇ ਦੱਸਿਆ ਕਿ ਮੈਂ ਆਪਣੇ ਭਰਾ ਤੇ 3 ਸਾਲ ਦੇ ਲੜਕੇ ਨਾਲ ਸਕੂਟੀ ‘ਤੇ ਨੰਗਲ ਬਿਹਾਲਾਂ ਤੋਂ ਬਡਲਾ ਸਥਿਤ ਆਪਣੇ ਪੇਕੇ ਘਰ ਜਾ ਰਹੀ ਸੀ।
ਇਸ ਦੌਰਾਨ ਪਿੰਡ ਦੇ ਕੋਲ ਸੁੰਨਸਾਨ ਸੜਕ ‘ਤੇ ਪਿੱਛੇ ਤੋਂ ਆ ਰਹੇ ਮੋਟਰਸਾਈਕਲ ਨੇ ਸਾਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਉਹ ਡਿੱਗ ਪਏ। ਫਿਰ ਮੂੰਹ ਢੱਕੇ ਹੋਏ ਦੋ ਨੌਜਵਾਨਾਂ ਨੇ ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਮਹਿਲਾ ਦਾ ਪਰਸ ਖੋਹ ਲਿਆ। ਜਦੋਂ ਮਹਿਲਾ ਨੇ ਵਿਰੋਧ ਕੀਤਾ ਤਾਂ ਉਕਤ ਲੁਟੇਰਿਆਂ ਨੇ ਪਹਿਲਾਂ ਤਿੰਨ ਸਾਲ ਦੇ ਬੱਚੇ ਨੂੰ ਚੁੱਕ ਕੇ ਜ਼ਮੀਨ ‘ਤੇ ਸੁੱਟ ਦਿੱਤਾ ਤੇ ਫਿਰ ਉਸ ਦੀ ਗਰਦਨ ‘ਤੇ ਤਲਵਾਰ ਰੱਖ ਕੇ ਗਹਿਣੇ ਤੇ ਪਰਸ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।
ਔਰਤ ਨੇ ਆਪਣਾ ਪਰਸ ਤੇ ਗਹਿਣੇ ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਸੀ, ਲੁਟੇਰਿਆਂ ਨੂੰ ਦੇ ਦਿੱਤੇ। ਫਿਰ ਲੁਟੇਰੇ ਸਾਰਾ ਸਾਮਾਨ ਲੈ ਕੇ ਭੱਜ ਗਏ। ਅਲਕਾ ਰਾਣੀ ਨੇ ਕਿਹਾ ਕਿ ਇਸ ਘਟਨਾ ਨੂੰ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਕਾਰਵਾਈ ਕਰਨ ਆਈ ਹੈ ਜੋ ਸ਼ਰਮਨਾਕ ਹੈ।
ਅਲਕਾ ਰਾਣੀ ਤੇ ਉਸ ਦੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਲੁਟੇਰਿਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ। ਇਸ ਦੌਰਾਨ ਥਾਣਾ ਹਾਜੀਪੁਰ ਦੇ ਏਐਸਆਈ ਪਵਨ ਕੁਮਾਰ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਲੁਟੇਰਿਆਂ ਦਾ ਪਤਾ ਲਗਾ ਲਿਆ ਜਾਵੇਗਾ।