ਯੈਲੋ ਅਲਰਟ ਦਰਮਿਆਨ ਸੋਮਵਾਰ ਨੂੰ ਰੋਹਤਾਂਗ ਦੱਰੇ ਸਮੇਤ ਉੱਚੀਆਂ ਚੋਟੀਆਂ ’ਤੇ ਬਰਫਬਾਰੀ ਹੋਈ ਜਦਕਿ ਅਟਲ ਟਨਲ ਵਿਚ ਹਲਕੀ ਬਰਫਬਾਰੀ ਹੋਈ। ਸੈਰ-ਸਪਾਟੇ ਵਾਲੇ ਸਥਾਨ ਮਨਾਲੀ ’ਚ ਦਿਨ ਵਿਚ ਹਲਕੀ ਬਾਰਿਸ਼ ਨਾਲ ਸੈਲਾਨੀ ਖੁਸ਼ ਹੁੰਦੇ ਦੇਖੇ ਗਏ। ਹਾਲਾਂਕਿ ਸ਼ਾਮ ਨੂੰ ਇਥੇ ਮੌਸਮ ਸਾਫ ਹੋ ਗਿਆ। ਮਾਲ ਰੋਡ ਮਨਾਲੀ ’ਤੇ ਘੁੰਮ ਰਹੇ ਰਾਜਸਥਾਨ ਤੋਂ ਆਏ ਸੈਲਾਨੀਆਂ ਨੇ ਦੱਸਿਆ ਕਿ ਠੰਡ ਦਾ ਪੂਰਾ ਆਨੰਦ ਮਾਣਿਆ। ਮੌਸਮ ’ਚ ਆਏ ਬਦਲਾਅ ਕਾਰਨ ਸੂਬੇ ਵਿਚ ਠੰਡ ਵਧ ਗਈ ਹੈ।
ਸੋਮਵਾਰ ਨੂੰ ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿਚ ਆਸਮਾਨ ’ਤੇ ਬੱਦਲਾਂ ਨੇ ਡੇਰਾ ਲਾਈ ਰੱਖਿਆ। ਹਾਲਾਂਕਿ ਸ਼ਿਮਲਾ ਸਮੇਤ ਹੋਰ ਖੇਤਰਾਂ ਵਿਚ ਮੌਸਮ ਖਰਾਬ ਬਣਿਆ ਰਿਹਾ ਪਰ ਬਾਰਿਸ਼ ਨਹੀਂ ਹੋਈ, ਜਦਕਿ ਉੱਚਾਈ ਵਾਲੇ ਖੇਤਰਾਂ ਵਿਚ ਰੋਹਤਾਂਗ ਦੱਰਾ, ਕਿਨੌਰ ਦੀਆਂ ਉੱਚੀਆਂ ਚੋਟੀਆਂ ’ਤੇ ਵੀ ਬਰਫਬਾਰੀ ਹੋਈ। ਮਨਾਲੀ ਪ੍ਰਸ਼ਾਸਨ ਵਲੋਂ ਰੋਹਤਾਂਗ ਲਈ ਸੈਲਾਨੀ ਵਾਹਨਾਂ ਦੀ ਆਵਾਜਾਈ ਮੰਗਲਵਾਰ ਨੂੰ ਬੰਦ ਕਰ ਦਿੱਤੀ ਗਈ ਹੈ।
ਰਾਸ਼ਟਰੀ ਰਾਜਧਾਨੀ ਦਿੱਲੀ ’ਚ ਸੋਮਵਾਰ ਸ਼ਾਮ ਹਲਕਾ ਮੀਂਹ ਪਿਆ, ਜਿਸ ਕਾਰਨ ਤਾਪਮਾਨ ਕੁਝ ਡਿਗਰੀ ਹੇਠਾਂ ਆ ਗਿਆ। ਮੀਂਹ ਕਾਰਨ ਦਿੱਲੀ ਜਾਣ ਵਾਲੀਆਂ 16 ਉਡਾਣਾਂ ਨੂੰ ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ ਡਾਇਵਰਟ ਕੀਤਾ ਗਿਆ। 16 ਉਡਾਣਾਂ ਵਿੱਚੋਂ 10 ਨੂੰ ਜੈਪੁਰ, 3 ਨੂੰ ਲਖਨਊ, ਇਕ ਨੂੰ ਅਹਿਮਦਾਬਾਦ ਅਤੇ 2 ਨੂੰ ਅੰਮ੍ਰਿਤਸਰ ਵੱਲ ਮੋੜਿਆ ਗਿਆ। ਗੁਹਾਟੀ ਤੋਂ ਦਿੱਲੀ ਜਾਣ ਵਾਲੀ ਵਿਸਤਾਰਾ ਫਲਾਈਟ ਨੂੰ ਵੀ ਖ਼ਰਾਬ ਮੌਸਮ ਕਾਰਨ ਜੈਪੁਰ ਵੱਲ ਮੋੜ ਦਿੱਤਾ ਗਿਆ।