ਮੰਦਰ ਦੇ ਪੁਜਾਰੀਆਂ ਨੇ ਮੰਦਰ ‘ਚ ਕੀਤਾ ਨੌਜਵਾਨ ਪੰਡਿਤ ਦਾ ਕਤਲ,
ਸੰਗਰੂਰ ਦੇ ਧੂਰੀ ਦੇ ਦੋਹਾਲਾ ਰੇਲਵੇ ਫਾਟਕ ਨੇੜੇ ਬੰਗਲਾਮੁਖੀ ਮੰਦਰ ਦੇ ਦੋ ਪੁਜਾਰੀਆਂ ਵੱਲੋਂ 33 ਸਾਲਾ ਨੌਜਵਾਨ ਸੁਦੀਪ ਕੁਮਾਰ ਪੁੱਤਰ ਗੁਰਿੰਦਰ ਕੁਮਾਰ ਵਾਸੀ ਧੂਰੀ ਦਾ ਕਤਲ ਕਰ ਦਿੱਤਾ ਗਿਆ। ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ ਕਿ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਮੰਦਰ ‘ਚ ਬਣੇ ਹਵਨਕੁੰਡ ਹੇਠਾਂ ਦੱਬ ਦਿੱਤਾ ਗਿਆ।ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਸਿਟੀ ਧੂਰੀ ਦੇ ਇੰਚਾਰਜ ਸੌਰਭ ਸੱਭਰਵਾਲ ਨੇ ਦੱਸਿਆ ਕਿ ਸੁਦੀਪ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਬੀਤੇ ਦਿਨ ਪੁਲਿਸ ਥਾਣਾ ਸਿਟੀ ਧੂਰੀ ਨੂੰ ਦਰਖਾਸਤ ਦਿੱਤੀ ਸੀ ਕਿ ਸੁਦੀਪ ਕੁਮਾਰ ਜੋ ਕਿ ਛੋਟੇ ਬੱਚਿਆਂ ਨੂੰ ਪੰਡਿਤ ਵਿਦਿਆ ਪੜ੍ਹਾਉਂਦਾ ਸੀ, 2 ਮਈ ਤੋਂ ਘਰ ਨਹੀਂ ਆਇਆ।ਜਦੋਂ ਪਰਿਵਾਰਕ ਮੈਂਬਰਾਂ ਨੇ ਮੰਦਰ ਜਾ ਕੇ ਪੁੱਛਿਆ ਤਾਂ ਮੰਦਰ ਦੇ ਪੁਜਾਰੀ ਪਰਮਾਨੰਦ ਨੇ ਦੱਸਿਆ ਕਿ ਉਹ 2 ਦਿਨਾਂ ਤੋਂ ਮੰਦਰ ਨਹੀਂ ਆਇਆ। ਪਰ ਜਦੋਂ ਪੁਲਿਸ ਨੇ ਮੰਦਰ ਦੇ ਪੁਜਾਰੀ ਪਰਮਾਨੰਦ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਅਤੇ ਉਸ ਨੂੰ ਥਾਣੇ ਲੈ ਆਏ। ਪੁੱਛਗਿੱਛ ਦੌਰਾਨ ਪਰਮਾਨੰਦ ਨੇ ਸੁਦੀਪ ਕੁਮਾਰ ਦੇ ਕਤਲ ਦੀ ਸਾਰੀ ਕਹਾਣੀ ਦੱਸੀ ਅਤੇ ਮੰਨਿਆ ਕਿ ਉਸ ਨੇ ਹੀ ਉਸ ਦਾ ਕਤਲ ਕਰਕੇ ਲਾਸ਼ ਨੂੰ ਹਵਨਕੁੰਡ ਹੇਠਾਂ ਦੱਬ ਦਿੱਤੀ ਸੀ।ਮੁੱਖ ਪੁਜਾਰੀ ਅਸ਼ੋਕ ਪੰਡਤ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਧੂਰੀ ਦੀ ਪੁਲਿਸ ਨੇ ਹਵਨਕੁੰਡ ਹੇਠੋਂ ਦੱਬੀ ਹੋਈ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ‘ਚ ਰਖਵਾਇਆ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਬਗਲਾਮੁਖੀ ਮੰਦਰ ਦੇ ਪੁਜਾਰੀ ਪਰਮਾਨੰਦ ਅਤੇ ਮੁੱਖ ਪੁਜਾਰੀ ਅਸ਼ੋਕ ਸ਼ਾਸਤਰੀ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।