ਕਾਂਗਰਸ ਨੇ ਵਧਾਇਆ ਸ਼ਰਾਬ ਮਾਫ਼ੀਆ ਤੇ ਆਪ ਨੇ ਵਧਾਇਆ ਮਾਲੀਆ
ਆਬਕਾਰੀ ਤੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਿਆਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਪੰਜਾਬ ਵਿਚ ਸ਼ਰਾਬ ਮਾਫ਼ੀਆ ਦਾ ਬੋਲਬਾਲਾ ਸੀ ਅਤੇ ਕਾਂਗਰਸ ਨੇ ਸ਼ਰਾਬ ਮਾਫ਼ੀਆ ਨੂੰ ਵਧਾਇਆ ਜਦਕਿ ‘ਆਪ’ ਸਰਕਾਰ ਨੇ ਸ਼ਰਾਬ ਮਾਫ਼ੀਆ ਖ਼ਤਮ ਕਰਕੇ ਮਾਲੀਆ ਵਧਾਇਆ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਮੇਂ ਐਕਸਾਈਜ਼ ਤੋਂ 6000 ਕਰੋੜ ਰੁਪਏ ਦੀ ਆਮਦਨ ਹੁੰਦੀ ਸੀ, ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਹ ਵਧ ਕੇ 10000 ਕਰੋੜ ਰੁਪਏ ਹੋ ਗਈ ਹੈ। ਇਹ ਆਪਣੇ ਆਪ ਵਿਚ ਇਕ ਰਿਕਾਰਡ ਹੈ।ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਤੋਂ ਵਿਰੋਧੀ ਪਾਰਟੀਆਂ ਡਰੀਆਂ ਹੋਈਆਂ ਹਨ ਕਿਉਂਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਨੂੰ ਬਹੁਤ ਪਸੰਦ ਕਰਦੇ ਹਨ। ਇੱਥੋਂ ਦੇ ਲੋਕ ਦਿੱਲੀ ਅਤੇ ਪੰਜਾਬ ਸਰਕਾਰਾਂ ਦੀਆਂ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਹਨ। ਇਸ ਲਈ ਜੇਲ੍ਹ ‘ਚੋਂ ਬਾਹਰ ਆਉਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਆ ਰਹੇ ਅਰਵਿੰਦ ਕੇਜਰੀਵਾਲ ਦੇ ਸਵਾਗਤ ਲਈ ਪੰਜਾਬ ਦੇ ਲੋਕ ਕਾਫ਼ੀ ਉਤਸ਼ਾਹਿਤ ਹਨ।ਚੀਮਾ ਨੇ ਕਿਹਾ ਕਿ ਜਿਹੜੇ ਲੋਕ ਆਪਣੀ ਸਰਕਾਰ ਵੇਲੇ ਮਾਫ਼ੀਆ ਰਾਜ ਚਲਾਉਂਦੇ ਸਨ, ਜਿਨ੍ਹਾਂ ਦੇ ਭਤੀਜੇ ਕੋਲੋਂ ਈਡੀ ਨੇ ਕਰੋੜਾਂ ਰੁਪਏ ਬਰਾਮਦ ਕੀਤੇ ਹੋਣ ਉਨ੍ਹਾਂ ਲੋਕਾਂ ਨੂੰ ਭ੍ਰਿਸ਼ਟਾਚਾਰ ਦੀ ਗੱਲ ਸੋਭਾ ਨਹੀਂ ਦਿੰਦੀ।