ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਨਿੱਝਰ ਨੂੰ ਗੋਲੀ ਮਾਰ ਕੇ ਮਾਰਨ ਵਾਲੇ ਮੁਲਜ਼ਮ ਕੈਨੇਡਾ ਵਿੱਚ ਹੀ ਲੁਕ ਕੇ ਬੈਠੇ ਹਨ। ਕੈਨੇਡਾ ਦੇ ‘ਦ ਗਲੋਬ ਐਂਡ ਮੇਲ’ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਜਿਨ੍ਹਾਂ ਦੋ ਵਿਅਕਤੀਆਂ ਨੂੰ ਖਾਲਿਸਤਾਨੀ ਨਿੱਝਰ ਦੇ ਕਾਤਲ ਮੰਨਿਆ ਜਾ ਰਿਹਾ ਹੈ, ਉਹ ਕੈਨੇਡਾ ਛੱਡ ਕੇ ਨਹੀਂ ਗਏ। ਅਧਿਕਾਰੀਆਂ ਵੱਲੋਂ ਉਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਅਸਲ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਸਤੰਬਰ ‘ਚ ਨਿੱਝਰ ਦੇ ਕਤਲ ‘ਚ ਭਾਰਤ ਦਾ ਹੱਥ ਹੋਣ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਕਿਹਾ ਸੀ ਕਿ ਨਿੱਝਰ ਦਾ ਕਤਲ ਭਾਰਤੀ ਏਜੰਟਾਂ ਨੇ ਕੀਤਾ ਸੀ, ਜਿਸ ਨੂੰ ਭਾਰਤ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ। ਭਾਰਤ ਨੇ ਕਿਹਾ ਕਿ ਟਰੂਡੋ ਦਾ ਬਿਆਨ ਰਾਜਨੀਤੀ ਤੋਂ ਪ੍ਰੇਰਿਤ ਸੀ। ਹਰਦੀਪ ਸਿੰਘ ਨਿੱਝਰ ਦਾ ਇਸ ਸਾਲ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਦੇ ਗੁਰਦੁਆਰੇ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।
‘ਦ ਗਲੋਬ ਐਂਡ ਮੇਲ’ ਨੇ ਆਪਣੀ ਰਿਪੋਰਟ ‘ਚ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਦੋਵੇਂ ਸ਼ੱਕੀ ਮਹੀਨਿਆਂ ਤੋਂ ਪੁਲਿਸ ਦੀ ਨਿਗਰਾਨੀ ‘ਚ ਸਨ। ਉਹਨਾਂ ਨੂੰ ਜਲਦੀ ਹੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਦੋਂ ਦੋਵਾਂ ਸ਼ੱਕੀਆਂ ਖ਼ਿਲਾਫ਼ ਦੋਸ਼ ਆਇਦ ਕੀਤੇ ਜਾਣਗੇ ਤਾਂ ਪੁਲੀਸ ਕਾਤਲਾਂ ਦੀ ਸ਼ਮੂਲੀਅਤ ਅਤੇ ਮਾਮਲੇ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਬਾਰੇ ਜਾਣਕਾਰੀ ਦੇਵੇਗੀ।
ਇਨ੍ਹਾਂ ਦੋਵਾਂ ਸ਼ੱਕੀਆਂ ਦੀ ਗ੍ਰਿਫ਼ਤਾਰੀ ਨਾਲ ‘ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ’ ਹੋ ਜਾਵੇਗਾ। ਜਿਸ ਤਰ੍ਹਾਂ ਕੈਨੇਡਾ ਨੇ ਨਿੱਝਰ ਦੇ ਕਤਲ ਦਾ ਦੋਸ਼ ਭਾਰਤ ‘ਤੇ ਲਗਾ ਕੇ ਰਿਸ਼ਤੇ ਵਿਗਾੜ ਦਿੱਤੇ ਹਨ। ਇਸ ਤੋਂ ਬਾਅਦ ਇਨ੍ਹਾਂ ਦੋਵਾਂ ਸ਼ੱਕੀਆਂ ਤੋਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਜਦੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਤਾਂ ਉਹ ਦੁਨੀਆ ਨੂੰ ਦੱਸਣਗੇ ਕਿ ਨਿੱਝਰ ਦੇ ਕਤਲ ‘ਚ ਭਾਰਤ ਦੀ ਕੋਈ ਭੂਮਿਕਾ ਨਹੀਂ ਸੀ। ਜੇਕਰ ਅਜਿਹਾ ਹੁੰਦਾ ਹੈ ਤਾਂ ਕੈਨੇਡਾ ਦੁਨੀਆ ਦੇ ਸਾਹਮਣੇ ਬੁਰੀ ਤਰ੍ਹਾਂ ਬੇਨਕਾਬ ਹੋਣ ਵਾਲਾ ਹੈ।