ਅਮਰੀਕਾ ਨੇ ਹੁਣ ਆਪਣੇ H1-B ਵੀਜ਼ਾ ਸਬੰਧੀ ਨਿਯਮਾਂ ‘ਚ ਬਦਲਾਅ ਕਰ ਦਿੱਤਾ ਹੈ। ਜਿਸ ਨਾਲ ਭਾਰਤੀ ਨਾਗਰਿਕਾਂ ਸਣੇ ਵੱਡੀ ਗਿਣਤੀ ਵਰਕਰਾਂ ਨੂੰ ਰਾਹਤ ਮਿਲਣ ਵਾਲੀ ਹੈ। ਪਹਿਲਾਂ ਨਿਯਮ ਸਨ ਕਿ ਜੇਕਰ H1-B ਵੀਜ਼ਾ ਰੀਨਿਊ ਕਰਨ ਦੇ ਲਈ ਅਮਰੀਕਾ ਛੱਡਣਾ ਪੈਂਦਾ ਸੀ ਪਰ ਹੁਣ ਇਸ ‘ਚ ਬਦਲਾਅ ਕਰ ਦਿੱਤਾ ਗਿਆ ਹੈ ਕਿ H1-B ਵਰਕਰ ਹੁਣ ਅਮਰੀਕਾ ਛੱਡੇ ਬਿਨਾਂ ਆਪਣੇ ਵੀਜ਼ੇ ਨੂੰ ਨਵਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੇ ਹਨ।
ਕਰੀਬ ਦੋ ਦਹਾਕਿਆਂ ਮਗਰੋਂ H1-B ਵੀਜ਼ੇ ਸਬੰਧੀ ਇਹ ਮਹੱਤਵਪੂਰਨ ਬਦਲਾਅ ਦੇਖਣ ਨੂੰ ਮਿਲਿਆ ਹੈ। ਕਰੀਬ 20,000 ਯੋਗ ਗੈਰ-ਆਵਾਸੀ ਵਰਕਰ ਆਪਣੇ H1-B ਵੀਜ਼ੇ ਨੂੰ ਹੁਣ ਘਰੇਲੂ ਪੱਧਰ ਉਤੇ ਰੀਨਿਊ ਕਰਵਾ ਸਕਦੇ ਹਨ। ਅਮਰੀਕੀ ਵਿਦੇਸ਼ ਵਿਭਾਗ ਨੇ ਇਸ ਪਾਇਲਟ ਪ੍ਰੋਗਰਾਮ ਦਾ ਐਲਾਨ ਜੂਨ 2023 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੌਰਾਨ ਕੀਤਾ ਸੀ। ਇਸ ਤਹਿਤ ਕੁਝ ਪੁਜ਼ੀਸ਼ਨ ਅਧਾਰਿਤ ਆਰਜ਼ੀ ‘ਵਰਕ’ ਵੀਜ਼ਿਆਂ ਨੂੰ ਅਮਰੀਕਾ ਵਿਚ ਹੀ ਨਵਿਆਉਣ ਦੀ ਖੁੱਲ੍ਹ ਦਿੱਤੀ ਗਈ ਸੀ। ਅਗਲੇ ਪੰਜ ਹਫ਼ਤਿਆਂ ਦੌਰਾਨ ਕੁੱਲ 20 ਹਜ਼ਾਰ ਅਰਜ਼ੀਕਰਤਾ ਪਾਇਲਟ ਪ੍ਰੋਗਰਾਮ ਤਹਿਤ ਲਏ ਜਾਣਗੇ। ਪ੍ਰੋਗਰਾਮ ਨੂੰ ਲਾਂਚ ਕਰਨ ਤੋਂ ਪਹਿਲਾਂ ਵਿਦੇਸ਼ ਵਿਭਾਗ ਨੇ ਵੀਜ਼ਾ ਧਾਰਕਾਂ ਨੂੰ ਆਪਣੀ ਯੋਗਤਾ ਦੀ ਪੁਸ਼ਟੀ ਕਰਨ ਲਈ ਕਿਹਾ ਹੈ।