ਜਲੰਧਰ : ਦੇਸ਼ ਤੇ ਧਰਮ ਦੀ ਰੱਖਿਆ ਲਈ ਲਾਸਾਨੀ ਸ਼ਹਾਦਤ ਦੇਣ ਵਾਲੇ ਨੌਵੇਂ ਗੁਰੂ ਨਾਨਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਗੁਰਦੁਆਰਾ ਨੌਵੀਂ ਪਾਤਸ਼ਾਹੀ ਸ੍ਰੀ ਦੂਖ ਨਿਵਾਰਨ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਫਤਾਵਾਰੀ ਸਮਾਗਮਾਂ ਦੀ ਆਰੰਭਤਾ ਬੀਤੇ ਦਿਨੀਂ ਹੋ ਗਈ। ਐਤਵਾਰ ਰਾਤ ਨੂੰ ਕਰਵਾਏ ਗਏ ਸਮਾਗਮ ਵਿਚ ਭਾਈ ਦੀਦਾਰ ਸਿੰਘ ਸੰਗਤਪੁਰੀ (ਢਾਡੀ ਜਥਾ) ਅਤੇ ਦਲਬੀਰ ਸਿੰਘ ਰਿਆੜ ਤੇ ਬਲਬੀਰ ਸਿੰਘ ਕੰਵਲ (ਦੋਵੇਂ ਕਵੀ) ਨੇ ਸੰਗਤਾਂ ਨੂੰ ਢਾਡੀ ਵਾਰਾਂ/ਕਵਿਤਾਵਾਂ ਸੁਣਾ ਕੇ ਨਿਹਾਲ ਕੀਤਾ।
ਸੋਮਵਾਰ ਸ਼ਾਮੀਂ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਉਪਰੰਤ 7 ਤੋਂ ਰਾਤ 10 ਵਜੇ ਤਕ ਕਰਵਾਏ ਗਏ ਸਮਾਗਮ ਵਿਚ ਰਛਪਾਲ ਸਿੰਘ ਪਾਲ ਤੇ ਕਰਮਜੀਤ ਸਿੰਘ ਨੂਰ (ਦੋਵੇਂ ਕਵੀ) ਅਤੇ ਭਾਈ ਸੁਰਿੰਦਰ ਸਿੰਘ ਤੇ ਭਾਈ ਨਛੱਤਰ ਸਿੰਘ (ਦੋਵੇਂ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ) ਨੇ ਗੁਰੂ ਸਾਹਿਬ ਦੀ ਉਸਤਤਿ ਅਤੇ ਸ਼ਹੀਦੀ ਇਤਿਹਾਸ ਤੋਂ ਜਾਣੂ ਕਰਵਾਉਂਦੀਆਂ ਕਵਿਤਾਵਾਂ ਤੇ ਅੰਮ੍ਰਿਤਮਈ ਗੁਰਬਾਣੀ ਕੀਰਤਨ ਸੁਣਾ ਕੇ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਥੇ. ਜਗਜੀਤ ਸਿੰਘ ਖਾਲਸਾ ਨੇ ਸੰਗਤਾਂ ਨੂੰ ਕਲਯੁੱਗ ਦੇ ਇਸ ਘੋਰ ਸਮੇਂ ਵਿਚ ਗੁਰੂ ਤੇ ਗੁਰਬਾਣੀ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ।
ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਕੰਵਲਜੀਤ ਸਿੰਘ ਟੋਨੀ ਨੇ ਦੱਸਿਆ ਕਿ 12 ਦਸੰਬਰ ਨੂੰ ਸ਼ਹੀਦੀ ਜੋੜ ਮੇਲੇ ਦੇ ਦੂਜੇ ਦਿਨ ਸ਼ਾਮ 7 ਤੋਂ ਰਾਤ 10 ਵਜੇ ਤਕ ਬੱਚਿਆਂ ਦਾ ਪ੍ਰੋਗਰਾਮ ਕਰਵਾਇਆ ਜਾਵੇਗਾ, ਜਿਸ ਤਹਿਤ ਬੱਚਿਆਂ ਤੇ ਕਵਿਤਾ, ਸ਼ਬਦ ਗਾਇਨ, ਲੈਕਚਰ ਤੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਜਾਣਗੇ।