ਕੈਨੇਡੀਅਨ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦੇਸ਼ ਹਰ ਧਮਕੀ ਨੂੰ ਗੰਭੀਰਤਾ ਨਾਲ ਲੈਂਦਾ ਹੈ ਤੇ ਉਹ ਆਨਲਾਈਨ ਦਿੱਤੀ ਗਈ ਚਿਤਾਵਨੀ ਦੀ ਜਾਂਚ ਕਰ ਰਿਹਾ ਹੈ। ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਧਮਕੀ ਦੇਣ ਤੋਂ ਕੁਝ ਦਿਨ ਬਾਅਦ ਕੈਨੇਡਾ ਦੀ ਇਹ ਟਿੱਪਣੀ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਕੈਨੇਡਾ ਦੇ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਸਾਡੇ ਵਿਭਾਗ ਨੇ ਇਸ ਧਮਕੀ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਹੈ ਤੇ ਸਿਕਿਓਰਿਟੀ ਪਾਰਟਨਰਜ਼ ਦੇ ਨਾਲ ਗੱਲ ਕਰ ਕੇ ਏਅਰਪੋਰਟ ਤੇ ਵਿਮਾਨਾਂ ਦੀ ਸੁਰੱਖਿਆ ਵਿਚ ਵਾਧਾ ਕੀਤਾ ਗਿਆ ਹੈ।
ਪਾਬੰਦੀਸ਼ੁਦਾ ਜਥੇਬੰਦੀ ਸਿੱਖ ਫਾਰ ਜਸਟਿਸ (SFJ) ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਨੇ ਹਾਲ ਹੀ ਵਿਚ 19 ਨਵੰਬਰ ਨੂੰ ਏਅਰ ਇੰਡੀਆ ਦੀਆਂ ਉਡਾਣਾਂ ਦੇ ਯਾਤਰੀਆਂ ਨੂੰ ਧਮਕੀਆਂ ਦੇਣ ਵਾਲੀ ਇਕ ਵੀਡੀਓ ਜਾਰੀ ਕੀਤੀ ਸੀ। ICC ਵਿਸ਼ਵ ਕੱਪ ਦਾ ਫਾਈਨਲ ਉਸੇ ਦਿਨ ਅਹਿਮਦਾਬਾਦ ਵਿਚ ਹੋਵੇਗਾ।ਕੈਨੇਡਾ ਸਰਕਾਰ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਉਹ ਸੰਭਾਵੀ ਅੱਤਵਾਦੀ ਖਤਰੇ ਦੀ ਜਾਂਚ ਕਰ ਰਹੇ ਹਨ।
ਏਅਰ ਇੰਡੀਆ ਦੇ ਜਹਾਜ਼ਾਂ ਨੂੰ ਉਡਾਉਣ ਵਾਲੀ ਧਮਕੀ ਨੂੰ ਲੈ ਕੇ ਟਰਾਂਸਪੋਰਟੇਸ਼ਨ ਮੰਤਰੀ ਪਾਬਲੋ ਰੌਡ੍ਰਿਗਜ਼ ਨੇ ਕਿਹਾ, ‘‘ਧਮਕੀ ਵਾਲੀ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਸਾਡੇ ਲਈ ਗੰਭੀਰ ਮੁੱਦਾ ਹੈ। ਹਰ ਧਮਕੀ ਦੀ ਗੰਭੀਰਤਾ ਨਾਲ ਜਾਂਚ ਹੁੰਦੀ ਹੈ। ਅਸੀਂ ਆਪਣੇ ਸਿਕਿਓਰਿਟੀ ਪਾਰਟਨਰਜ਼ ਦੇ ਨਾਲ ਜਾਂਚ ਕਰ ਰਹੇ ਹਾਂ। ਅਸੀਂ ਕੈਨੇਡਾ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।”
ਦਰਅਸਲ, ਖ਼ਾਲਿਸਤਾਨ ਪੱਖੀ ਅਤੇ ਭਾਰਤ ’ਚ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇਕ ਨਵੀਂ ਵੀਡੀਓ ਜਾਰੀ ਕਰ ਕੇ 19 ਨਵੰਬਰ ਨੂੰ ਏਅਰ ਇੰਡੀਆ ਦੇ ਜਹਾਜ਼ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ। ਇਸ ਮਗਰੋਂ ਭਾਰਤ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਹ ਅਜਿਹੇ ਕੱਟੜਪੰਥੀਆਂ ਨੂੰ ਥਾਂ ਨਾ ਦੇਣ ਲਈ ਵਿਦੇਸ਼ੀ ਸਰਕਾਰਾਂ ‘ਤੇ ਦਬਾਅ ਪਾਉਣਾ ਜਾਰੀ ਰੱਖਣਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਇਸ ਤਰ੍ਹਾਂ ਦੀਆਂ ਅੱਤਵਾਦੀ ਧਮਕੀਆਂ ਦੀ ਸਖ਼ਤ ਨਿਖੇਧੀ ਕਰਦਾ ਹੈ ਤੇ ਉਹ ਲੋੜੀਂਦੇ ਸੁਰੱਖਿਆ ਕਦਮ ਚੁੱਕੇਗਾ।