ਅਮਰੀਕਾ ਵਿੱਚ ਰਹਿੰਦੇ ਭਾਰਤੀ ਪੈਨਲ ਨੇ ਏਅਰ ਇੰਡੀਆ ਵਿੱਚ ਯਾਤਰਾ ਕਰਨ ਵਾਲੇ ਲੋਕਾਂ ਨੂੰ ਧਮਕੀ ਦੇਣ ਵਾਲੀ ਵੀਡੀਓ ਜਾਰੀ ਕਰਨ ਲਈ ਗੁਰਪਤਵੰਤ ਪੰਨੂੰ ਤੇ ਉਸ ਦੇ ਸੰਗਠਨ ਸਿੱਖਸ ਫਾਰ ਜਸਟਿਸ ਨੂੰ ਨੋ ਫਲਾਈ ਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ।
ਭਾਰਤੀ ਅਮਰੀਕੀ ਤੇ ਭਾਰਤੀ ਕੈਨੇਡੀਅਨ ਲੋਕਾਂ ਦੇ ਇੱਕ ਸੰਗਠਨ ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼ (FIIDS) ਵੱਲੋਂ ਪੈਨਲ ਚਰਚਾ ਵਿੱਚ ਸ਼ਾਮਲ ਹੋਏ ਲੋਕਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰਂ SFJ ਤੇ ਇਸ ਦੇ ਲੀਡਰਾਂ ਖ਼ਿਲਾਫ਼ ਕਾਰਵਾਈ ਕਰੇ। ਦੱਸ ਦਈਏ ਕਿ SFJ ਇੱਕ ਅਮਰੀਕਾ ਵਿੱਚੋਂ ਚਲਾਇਆ ਜਾਣਾ ਵਾਲਾ ਸੰਗਠਨ ਹੈ ਜਿਸ ਨੂੰ ਭਾਰਤ ਸਰਕਾਰ ਨੇ ਭਾਰਤ ਵਿਰੋਧੀ ਗਤੀਵਿਧੀਆਂ ਕਰਨ ਉੱਤੇ ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (UPA) ਤਹਿਤ ਬੈਨ ਲਾਇਆ ਹੋਇਆ ਹੈ।
ਜ਼ਿਕਰ ਕਰ ਦਈਏ ਕਿ ਜੁਲਾਈ 2020 ਵਿੱਚ ਪੰਨੂੰ ਦੇ ਅੱਤਵਾਦ ਨੂੰ ਵਧਾਵਾ ਦੇਣ ਤੇ ਕਥਿਤ ਤੌਰ ਉੱਤੇ ਪੰਜਾਬੀ ਨੌਜਵਾਨਾਂ ਨੂੰ ਹਥਿਆਰ ਚੁੱਕਣ ਦੇ ਲਈ ਉਕਸਾਉਣ ਕਰਕੇ UPA ਤਹਿਤ ਅੱਤਵਾਦੀ ਐਲਾਨਿਆਂ ਗਿਆ ਸੀ।
FIIDS ਦੇ ਲੀਡਰਾਂ ਨੇ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਹਿਸ਼ਤ ਦੀ ਆਜ਼ਾਦੀ ਲਈ ਬੋਲਣ ਦੀ ਆਜ਼ਾਦੀ ਨੂੰ ਗਲਤ ਢੰਗ ਨਾਲ ਪੇਸ਼ ਕਰਦੇ ਹਨ ਤੇ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਦੇ ਖ਼ਿਲਾਫ਼ ਉਨ੍ਹਾਂ ਦੇ ਇਲਜ਼ਾਮਾਂ ਨੂੰ ਕੈਨੇਡਾ ਵਿੱਚ ਭਾਰਤ ਵਿਰੋਧੀ ਤੇ ਹਿੰਦੂ ਵਿਰੋਧੀ ਅਪਰਾਧਾਂ ਨੂੰ ਵਧਾਵਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਅਜਿਹਾ ਲਗਦਾ ਹੈ ਕਿ ਟਰੂਡੋ ਦੀਆਂ ਨੀਤੀਆਂ ਅੱਤਵਾਦੀ ਦੇ ਖ਼ਤਰਿਆਂ ਨੂੰ ਅਣਦੇਖਿਆਂ ਕਰਦੀਆਂ ਹਨ ਜਿਸ ਦਾ ਕੈਨੇਡਾ ਵਿੱਚ ਵੀ ਅਸਰ ਪਵੇਗਾ। ਉਨ੍ਹਾਂ ਸਾਲ 1985 ਵਿੱਚ ਏਅਰ ਇੰਡੀਆ ਦੇ ਜਹਾਜ਼ ਕਨਿਸ਼ਕ ਵਿੱਚ ਬੰਬ ਧਮਾਕੇ ਵੱਲ ਇਸ਼ਾਰੇ ਕਰਦੇ ਕਿਹਾ ਕਿ ਗੁਰਪਤਵੰਤ ਨੂੰ ਤੇ ਉਸ ਦੇ ਗਰੁੱਪ ਦੇ ਮੈਂਬਰਾਂ ਨੂੰ ਏਅਰ ਇੰਡੀਆ ਵਿੱਚ ਯਾਤਰਾ ਕਰਨ ਉੱਤੇ ਧਮਕੀਆਂ ਦੇਣ ਦੇ ਬਲਦੇ ਨੋ ਫਲਾਈ ਸੂਚੀ ਵਿੱਚ ਕਿਉਂ ਨਹੀਂ ਰੱਖਿਆ ਗਿਆ ਹੈ।
ਕੈਲੀਫੋਰਨੀਆਂ ਵਿੱਚ ਰਹਿਣ ਵਾਲੇ ਸੁੱਖੀ ਚਹਿਲ ਨੇ ਕਿਹਾ ਕਿ SFJ ਸਿੱਖਾਂ ਦੀ ਅਗਵਾਈ ਨਹੀਂ ਕਰਦਾ ਸਗੋਂ ਉਹ ਹਿੰਦੂਆਂ ਤੇ ਸਿੱਖਾਂ ਦੇ ਵਿਚਕਾਰ ਦੂਰੀ ਪਾਉਣ ਦਾ ਕੰਮ ਕਰਦਾ ਹੈ। ਇਸ ਦੇ ਨਾਲ ਹੀ ਕੈਨੇਡਾ ਦੀ ਰੁਚੀ ਵਾਲੀਆ ਨੇ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣਾ ਇੱਕ ਚਿੰਤਾ ਦਾ ਵਿਸ਼ਾ ਹੈ ਤੇ ਇਸ ਨੂੰ ਦਰੁਸਤ ਕਰਨ ਦੀ ਜ਼ਰੂਰਤ ਹੈ।