ਰਾਵੀ ਦਰਿਆ ਦੇ ਵਧੇ ਪਾਣੀ ਨੂੰ ਲੈ ਕੇ ਅਫਵਾਹਾਂ ਤੋਂ ਬਚਿਆ ਜਾਵੇ ।
ਪਿਛਲੇ ਸਾਲ ਹਿਮਾਚਲ ਤੇ ਪੰਜਾਬ ਭਰ ਵਿਚ ਹੋਈਆਂ ਬਾਰਸ਼ਾਂ ਕਾਰਨ ਜਿੱਥੇ ਜੁਲਾਈ ਮਹੀਨੇ ਦੇ ਦੂਸਰੇ ਹਫਤੇ ਤੋਂ ਬਾਅਦ ਉੱਜ ਦਰਿਆ ‘ਚ ਦੋ ਵਾਰ ਪਾਣੀ ਛੱਡਣ ਕਾਰਨ ਹੜ੍ਹਾਂ ਵਰਗੇ ਹਾਲਾਤ ਬਣ ਗਏ ਸੀ, ਉਥੇ ਹੀ ਇਸ ਵਾਰ ਬਾਰਸ਼ਾਂ ਘੱਟ ਹੋਣ ਕਾਰਨ ਅਗਸਤ ਮਹੀਨੇ ਦੇ ਦਸ ਦਿਨ ਬੀਤ ਜਾਣ ਤੋਂ ਬਾਅਦ ਐਤਵਾਰ ਨੂੰ ਜੰਮੂ ਦੇ ਜ਼ਿਲ੍ਹਾ ਕਠੂਆ ਦੇ ਜਸਰੋਟਾ ਸਥਿਤ ਉੱਜ ਬੈਰਾਜ ਦੇ ਗੇਟ ਖੋਲ੍ਹਣ ਤੋਂ ਬਾਅਦ ਰਾਵੀ ਦਰਿਆ ‘ਚ ਪਾਣੀ ਦਾ ਪੱਧਰ ਵਧ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਰੇਨ ਵਿਭਾਗ ਦੇ ਐਕਸੀਅਨ ਦਿਲਪ੍ਰੀਤ ਸਿੰਘ ਨੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰ ਪਿਛਲੇ ਸਾਲਾਂ ਮੁਕਾਬਲੇ ਬਰਸਾਤ ਘੱਟ ਹੋ ਹੋਈ ਹੈ। ਉਨ੍ਹਾਂ ਕਿਹਾ ਕਿ ਪਹਾੜਾਂ ‘ਚ ਬਾਰਿਸ਼ਾਂ ਹੋਣ ਉਪਰੰਤ ਐਤਵਾਰ ਨੂੰ ਉੱਜ ਦਰਿਆ ਦਾ ਪਾਣੀ 1 ਲੱਖ ਕਿਊਸਿਕ ਦੇ ਕਰੀਬ ਮਾਪਿਆ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਬਰਸਾਤਾਂ ਵਧੇਰੇ ਹੋਣ ਕਾਰਨ ਤਿੰਨ ਲੱਖ ਕਿਊਸਿਕ ਉੱਜ ਦਰਿਆ ਦਾ ਪਾਣੀ ਰਾਵੀ ਦਰਿਆ ‘ਚ ਛੱਡਿਆ ਗਿਆ ਸੀ।
ਉਨ੍ਹਾਂ ਰਾਵੀ ਦਰਿਆ ਤੇ ਬਾਰਡਰ ਏਰੀਏ ਦੇ ਪਿੰਡਾਂ ਦੇ ਲੋਕਾਂ ਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਰਾਵੀ ਦਰਿਆ ਦੇ ਵਧੇ ਪਾਣੀ ਨੂੰ ਲੈ ਕੇ ਅਫਵਾਹਾਂ ਤੋਂ ਬਚਿਆ ਜਾਵੇ । ਇਸ ਮੌਕੇ ਉਨ੍ਹਾਂ ਦੱਸਿਆ ਕਿ ਡਰੇਨ ਵਿਭਾਗ ਵੱਲੋਂ ਬਰਸਾਤੀ ਮੌਸਮ ਦੇ ਚੱਲਦਿਆਂ ਜ਼ਿਲ੍ਹੇ ਭਰ ਦੀਆਂ ਡਰੇਨਾਂ ਨਾਲਿਆਂ ਆਦਿ ਦੀ ਸਫ਼ਾਈ ਤੇ ਹੋਰ ਪ੍ਰਬੰਧ ਕੀਤੇ ਜਾ ਚੁੱਕੇ ਹਨ।