ਗੁਜਰਾਤ ਵਿਚ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਇਲਾਕਿਆਂ ਵਿਚ ਬੇਮੌਸਮੀ ਬਾਰਿਸ਼ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ 23 ਲੋਕਾਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ। ਸੂਬੇ ਦੇ ਆਫ਼ਤ ਕੰਟਰੋਲ ਡਾਇਰੈਕਟਰ ਸੀ. ਸੀ. ਪਟੇਲ ਨੇ ਦੱਸਿਆ ਕਿ ਇਸ ਦੌਰਾਨ ਸੂਬੇ ਵਿਚ 71 ਪਸ਼ੂਆਂ ਦੀ ਵੀ ਮੌਤ ਹੋਈ ਹੈ। ਭਾਰੀ ਬਾਰਿਸ਼ ਦਾ ਸਭ ਤੋਂ ਜ਼ਿਆਦਾ ਅਸਰ ਗੁਜਰਾਤ ਦੇ ਅਮਰੇਲੀ, ਸੁਰੇਂਦਰਨਗਰ, ਮੇਹਸਾਣਾ, ਬੋਟਾਡ, ਪੰਚਮਹੱਲ, ਖੇੜਾ, ਸਬਰਕਾਂਠਾ, ਸੂਰਤ ਅਤੇ ਅਹਿਮਦਾਬਾਦ ਜ਼ਿਲ੍ਹਿਆਂ ’ਚ ਪਿਆ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੂਬੇ ਦੇ ਮੁੱਖ ਮੰਤਰੀ ਭੁਪੇਸ਼ ਪਟੇਲ ਨੇ ਬੇਮੌਸਮੀ ਬਾਰਿਸ਼ ਕਾਰਨ ਗੁਜਰਾਤ ਵਿਚ ਹੋਏ ਜਾਨ-ਮਾਲ ਦੇ ਨੁਕਸਾਨ ’ਤੇ ਦੁੱਖ ਪ੍ਰਗਟ ਕੀਤਾ ਹੈ। ਸ਼ਾਹ ਨੇ ਐਤਵਾਰ ਰਾਤ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ ਕਿ ਗੁਜਰਾਤ ਦੇ ਵੱਖ-ਵੱਖ ਸ਼ਹਿਰਾਂ ’ਚ ਖਰਾਬ ਮੌਸਮ ਅਤੇ ਬਿਜਲੀ ਡਿੱਗਣ ਕਾਰਨ ਕਈ ਲੋਕਾਂ ਦੀ ਮੌਤ ਦੀ ਖਬਰ ਤੋਂ ਮੈਂ ਬਹੁਤ ਦੁਖੀ ਹਾਂ।