ਗੁਜਰਾਤ ਸਰਕਾਰ ਨੇ ਸ਼ੁੱਕਰਵਾਰ ਨੂੰ ਗਿਫ਼ਟ ਸਿਟੀ ‘ਚ ਸ਼ਰਾਬ ‘ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਇਹ ਫ਼ੈਸਲਾ ਗਲੋਬਲ ਕਾਰੋਬਾਰੀ ਮਾਹੌਲ ਪ੍ਰਦਾਨ ਕਰਨ ਲਈ ਲਿਆ ਗਿਆ ਹੈ। ਦੱਸ ਦਈਏ ਕਿ ਮਹਾਤਮਾ ਗਾਂਧੀ ਦਾ ਗ੍ਰਹਿ ਰਾਜ ਗੁਜਰਾਤ ਹੋਣ ਦੇ ਬਾਅਦ ਤੋਂ ਹੀ ਇੱਥੇ ਸ਼ਰਾਬ ਦੇ ਉਤਪਾਦਨ, ਭੰਡਾਰਨ, ਵਿਕਰੀ ਅਤੇ ਖਪਤ ‘ਤੇ ਪਾਬੰਦੀ ਹੈ। ਗਿਫ਼ਟ ਸਿਟੀ ਤੋਂ ਇਲਾਵਾ ਸੂਬੇ ਦੇ ਕਿਸੇ ਹੋਰ ਖੇਤਰ ਨੂੰ ਕਦੇ ਵੀ ਅਜਿਹੀ ਛੋਟ ਨਹੀਂ ਦਿੱਤੀ ਗਈ ਹੈ।
ਰਾਜ ਦੇ ਮਨਾਹੀ ਅਤੇ ਆਬਕਾਰੀ ਵਿਭਾਗ ਨੇ ਇਕ ਬਿਆਨ ਵਿਚ ਗੁਜਰਾਤ ਇੰਟਰਨੈਸ਼ਨਲ ਫਾਈਨਾਂਸ ਟੈਕ-ਸਿਟੀ (ਗਿਫ਼ਟ ਸਿਟੀ) ਵਿਚ ਸ਼ਰਾਬ ‘ਤੇ ਪਾਬੰਦੀ ਹਟਾਉਣ ਦੀ ਜਾਣਕਾਰੀ ਦਿੱਤੀ। ਵਿਭਾਗ ਨੇ ਕਿਹਾ ਕਿ ਗਿਫ਼ਟ ਸਿਟੀ ਇੱਕ ਗਲੋਬਲ ਵਿੱਤੀ ਅਤੇ ਤਕਨੀਕੀ ਹੱਬ ਵਜੋਂ ਉਭਰਿਆ ਹੈ। ਗਲੋਬਲ ਨਿਵੇਸ਼ਕਾਂ, ਟੈਕਨਾਲੋਜੀ ਮਾਹਰਾਂ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਨੂੰ ਇੱਥੇ ਵਿਸ਼ਵ ਵਪਾਰਕ ਮਾਹੌਲ ਪ੍ਰਦਾਨ ਕਰਨ ਲਈ ‘ਵਾਈਨ ਐਂਡ ਡਾਈਨ’ ਸਹੂਲਤਾਂ ਦੀ ਆਗਿਆ ਦੇਣ ਲਈ ਨਿਯਮਾਂ ਨੂੰ ਬਦਲਣ ਦਾ ਫ਼ੈਸਲਾ ਸ਼ੁੱਕਰਵਾਰ ਨੂੰ ਲਿਆ ਗਿਆ।
ਵਿਭਾਗ ਨੇ ਇਹ ਵੀ ਕਿਹਾ ਕਿ ਨਵੀਂ ਪ੍ਰਣਾਲੀ ਦੇ ਤਹਿਤ, ਗਿਫ਼ਟ ਸਿਟੀ ਖੇਤਰ ਵਿੱਚ ਹੋਟਲਾਂ, ਰੈਸਟੋਰੈਂਟਾਂ ਅਤੇ ਕਲੱਬਾਂ (ਮੌਜੂਦਾ ਅਤੇ ਜੋ ਨਵੇਂ ਖੁੱਲ੍ਹਣਗੇ) ਨੂੰ ਸ਼ਰਾਬ ਅਤੇ ਭੋਜਨ ਸੇਵਾ ਦੀਆਂ ਸਹੂਲਤਾਂ ਲਈ ਪਰਮਿਟ ਦਿੱਤੇ ਜਾਣਗੇ। ਹਾਲਾਂਕਿ ਉਨ੍ਹਾਂ ਨੂੰ ਸ਼ਰਾਬ ਦੀਆਂ ਬੋਤਲਾਂ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਗਿਫ਼ਟ ਸਿਟੀ ਖੇਤਰ ਵਿੱਚ ਕੰਮ ਕਰਨ ਵਾਲੇ ਲੋਕ ਅਤੇ ਉਨ੍ਹਾਂ ਦੇ ਸਰਕਾਰੀ ਮਹਿਮਾਨ ਅਜਿਹੇ ਹੋਟਲਾਂ, ਰੈਸਟੋਰੈਂਟਾਂ ਅਤੇ ਕਲੱਬਾਂ ਵਿੱਚ ਜਾ ਕੇ ਸ਼ਰਾਬ ਦਾ ਸੇਵਨ ਕਰ ਸਕਣਗੇ।