ਉਦਯੋਗਪਤੀ ਤੇ ਪਾਇਲਟ ਗੋਪੀ ਨੇ ਐਤਵਾਰ ਨੂੰ ਬਲੂ ਓਰੀਜਿਨ ਦੇ ਨਿੱਜੀ ਪੁਲਾੜ ਯਾਨ ਨਾਲ ਉਡਾਣ ਭਰੀ। ਬਲੂ ਓਰੀਜਿਨ ਅਮੇਜ਼ਨ ਦੇ ਸੰਸਥਾਪਕ ਜੈੱਫ ਬੇਜੋਸ ਦੀ ਕੰਪਨੀ ਹੈ।
ਗੋਪੀ ਥੋਟਾਕੁਰਾ ਭਾਰਤ ਦੇ ਪਹਿਲੇ ਪੁਲਾੜ ਸੈਲਾਨੀ ਬਣ ਗਏ ਹਨ। ਉਦਯੋਗਪਤੀ ਤੇ ਪਾਇਲਟ ਗੋਪੀ ਨੇ ਐਤਵਾਰ ਨੂੰ ਬਲੂ ਓਰੀਜਿਨ ਦੇ ਨਿੱਜੀ ਪੁਲਾੜ ਯਾਨ ਨਾਲ ਉਡਾਣ ਭਰੀ। ਬਲੂ ਓਰੀਜਿਨ ਅਮੇਜ਼ਨ ਦੇ ਸੰਸਥਾਪਕ ਜੈੱਫ ਬੇਜੋਸ ਦੀ ਕੰਪਨੀ ਹੈ। ਗੋਪੀ ਨੂੰ ਪੰਜ ਹੋਰਨਾਂ ਯਾਤਰੀਆਂ ਨਾਲ ਨਿਊ ਸ਼ੈਪਰਡ-25 ਮਿਸ਼ਨ ਲਈ ਯੁਣਿਆ ਗਿਆ ਸੀ। ਪੁਲਾੜ ਦੀ ਉਡਾਣ ਭਰਨ ਦੇ ਨਾਲ ਹੀ ਉਹ ਪਹਿਲੇ ਭਾਰਤੀ ਪੁਲਾੜ ਸੈਲਾਨੀ ਬਣ ਗਏ ਹਨ ਤੇ ਪੁਲਾੜ ’ਚ ਜਾਣ ਵਾਲੇ ਦੂਜੇ ਭਾਰਤੀ ਬਣ ਗਏ। ਭਾਰਤੀ ਫੌਜ ਦੇ ਵਿੰਗ ਕਮਾਂਡਰ ਰਾਕੇਸ਼ ਸ਼ਰਮਾ 1984 ’ਚ ਪੁਲਾੜ ’ਚ ਗਏ ਸਨ। ਰਾਕੇਸ਼ ਸ਼ਰਮਾ ਪੁਲਾੜ ’ਚ ਜਾਣ ਵਾਲੇ ਪਹਿਲੇ ਭਾਰਤੀ ਹਨ। ਬਲੂ ਓਰੀਜਿਨ ਦੀ ਸੱਤਵੀਂ ਮਨੁੱਖੀ ਉਡਾਣ, ਐੱਨਐੱਸ 25 ਐਤਵਾਰ ਨੂੰ ਸਵੇਰੇ ਵੈਸਟ ਟੈਕਸਾਸ ਤੋਂ ਰਵਾਨਾ ਹੋਈ। ਗੋਪੀ ਨਾਲ ਕਰੂ ਦੇ ਹੋਰਨਾਂ ਪੰਜ ਮੈਂਬਰਾਂ ’ਚ ਮੈਸਨ ਏਂਜਲ, ਸਿਲਵੇਨ ਸ਼ਿਰੋਨ, ਕੇਨੇਥ ਐੱਲ ਹੇਸ, ਕੈਰੋਲ ਸਕਾਲਰ ਤੇ ਅਮਰੀਕੀ ਹਵਾਈ ਫੌਜ ਦੇ ਸਾਬਕਾ ਕੈਪਟਨ ਐਡ ਡਵਾਈਟ ਸ਼ਾਮਲ ਹਨ।ਮਿਸ਼ਨ ਦੌਰਾਨ ਕਰੂ ਨੇ ਆਵਾਜ਼ ਦੀ ਰਫਤਾਰ ਤੋਂ ਤਿੰਨ ਗੁਣਾ ਤੋਂ ਵੀ ਵੱਘ ਰਫਤਾਰ ਨਾਲ ਯਾਤਰਾ ਕੀਤੀ। ਰਾਕਟ ਨੇ ਕੈਪਸੂਲ ਨੂੰ ਕਾਰਮਨ ਲਾਈਨ ਤੋਂ ਅੱਗੇ ਵਧਾਇਆ, ਜੋ ਧਰਤੀ ਦੀ ਸਤ੍ਹਾ ਤੋਂ 100 ਕਿਲੋਮੀਟਰ ਉੱਪਰ ਦਾ ਖੇਤਰ ਹੈ। ਇਸ ਖੇਤਰ ਤੋਂ ਬਾਅਦ ਬਾਹਰੀ ਪੁਲਾੜ ਸ਼ੁਰੂ ਹੋ ਜਾਂਦਾ ਹੈ। ਪੁਲਾੜ ਸੈਲਾਨੀ ਅੰਦਾਜ਼ਨ 10 ਮਿੰਟ ਤੱਕ ਪੁਲਾੜ ’ਚ ਰਹੇ। ਉਡਾਣ ਦੌਰਾਨ ਯਾਤਰੀਆਂ ਨੇ ਕੁਝ ਮਿੰਟਾਂ ਲਈ ਭਾਰਹੀਣਤਾ ਤੇ ਕੈਬਿਨ ਦੀਆਂ ਖਿੜਕੀਆਂ ਤੋਂ ਧਰਤੀ ਦੇ ਅਲੌਕਿਕ ਦ੍ਰਿਸ਼ਾਂ ਦਾ ਤਜਰਬਾ ਕੀਤਾ। ਇਸ ਤੋਂ ਬਾਅਦ ਪੁਲਾੜ ਯਾਨ ਦੀ ਧਰਤੀ ’ਤੇ ਸੁਰੱਖਿਅਤ ਵਾਪਸੀ ਹੋ ਗਈ।ਇਹ ਮਿਸ਼ਨ ਨਿਊ ਸ਼ੈਪਰਡ ਪ੍ਰੋਗਰਾਮ ਲਈ ਸੱਤਵੀਂ ਤੇ ਇਸਦੇ ਇਤਿਹਾਸ ਦੀ 25ਵੀਂ ਮਨੁੱਖੀ ਉਡਾਣ ਸੀ। ਹੁਣ ਤੱਕ ਇਸ ਪ੍ਰੋਗਰਾਮ ਦੇ ਤਹਿਤ 31 ਮਨੁੱਖਾਂ ਨੂੰ ਕਾਰਮਨ ਲਾਈਨ ਦੇ ਉੱਪਰ ਸੈਰ ਕਰਵਾਈ ਗਈ ਹੈ। ਕਾਰਮਨ ਰੇਖਾ ਧਰਤੀ ਦੇ ਵਾਤਾਵਰਣ ਤੇ ਬਾਹਰੀ ਪੁਲਾੜ ਵਿਚਾਲੇ ਸੀਮਾ ਹੈ। ਨਿਊ ਸ਼ੈਪਰਡ ਓਰੀਜਿਨ ਵੱਲੋਂ ਪੁਲਾੜ ਸੈਲਾਨੀ ਲਈ ਵਿਕਸਤ ਕੀਤਾ ਗਿਆ ਯਾਨ ਹੈ।ਉਡਾਣ ਦੌਰਾਨ ਪੁਲਾੜ ਯਾਤਰੀ ਬਲੂ ਓਰੀਜਿਨ ਦੇ ਫਾਊਂਡੇਸ਼ਨ, ਕਲੱਬ ਫਾਰ ਦਿ ਫਿਊਚਰ ਵੱਲੋਂ ਪੁਲਾੜ ’ਚ ਪੋਸਟਕਾਰਡ ਵੀ ਲੈ ਗਏ। ਇਸ ਕਲੱਬ ਦਾ ਮਿਸ਼ਨ ਧਰਤੀ ਦੇ ਲਾਭ ਲਈ ਸੰਭਾਵੀ ਪੀੜ੍ਹੀਆਂ ਨੂੰ ਐੱਸਟੀਈਏਐੱਮ (ਵਿਗਿਆਨ, ਤਕਨੀਕ, ਇੰਜੀਨੀਅਰਿੰਗ, ਕਲਾ ਤੇ ਗਣਿਤ) ’ਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰਨਾ ਹੈ।