ਨਰ ਸੇਵਾ ਨਰਾਇਣ ਸੇਵਾ ਸੰਸਥਾ ਦੇ ਆਗੂਆਂ ਨੇ ਕੀਤੀ ਸਖ਼ਤ ਕਾਰਵਾਈ ਦੀ ਮੰਗ
ਮੰਗਲਵਾਰ ਸਵੇਰੇ ਅਬੋਹਰ ਦੇ ਸਿਵਲ ਹਸਪਤਾਲ ਅਤੇ ਜੈਨ ਹਸਪਤਾਲ ਦੇ ਮੇਨ ਗੇਟ ਦੇ ਬਾਹਰ ਇਕ ਬੱਚੀ ਦਾ ਭਰੂਣ ਬਰਾਮਦ ਹੋਣ ‘ਤੇ ਲੋਕਾਂ ‘ਚ ਸਨਸਨੀ ਫੈਲ ਗਈ। ਇਸ ਭਰੂਣ ਨੂੰ ਕੁਝ ਕੁੱਤਿਆਂ ਵੱਲੋਂ ਪਹਿਲਾਂ ਹੀ ਨੋਚਿਆ ਗਿਆ ਸੀ ਜਿਸ ਦਾ ਖੁਲਾਸਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਹੋਇਆ ਸੀ ਜਿਸ ਦੀ ਸੂਚਨਾ ਮਿਲਣ ‘ਤੇ ਥਾਣਾ ਸਿਟੀ 1 ਦੀ ਪੁਲਿਸ ਅਤੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੁਖੀ ਆਪਣੀ ਟੀਮ ਨਾਲ ਪਹੁੰਚੇ ਤੇ ਇਸ ਦੁਖਦਾਈ ਘਟਨਾ ‘ਤੇ ਆਪਣਾ ਗੁੱਸਾ ਪ੍ਰਗਟਾਇਆ। ਘਟਨਾ ਨੂੰ ਲੈ ਕੇ ਭਰੂਣ ਸੁੱਟਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਪੁਲਿਸ ਨੇ ਭਰੂਣ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ ਹੈ।ਜਾਣਕਾਰੀ ਅਨੁਸਾਰ ਹਸਪਤਾਲ ਦੇ ਬਾਹਰ ਮੈਡੀਕਲ ਸਟਾਫ਼ ਨੇ ਜੈਨ ਹਸਪਤਾਲ ਦੇ ਬਾਹਰ ਇੱਕ ਬੱਚੀ ਦਾ ਭਰੂਣ ਪਿਆ ਦੇਖਿਆ। ਭਰੂਣ ਨੂੰ ਕੁੱਤਿਆਂ ਨੇ ਨੋਚਿਆ ਹੋਇਆ ਸੀ। ਉਸ ਨੇ ਇਸ ਭਰੂਣ ਦੀ ਸੂਚਨਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੁਖੀ ਰਾਜੂ ਚਰਾਇਆ ਨੂੰ ਦਿੱਤੀ ਜਿਨ੍ਹਾਂ ਤੁਰੰਤ ਮੌਕੇ ’ਤੇ ਪਹੁੰਚ ਕੇ ਥਾਣਾ ਸਿਟੀ 1 ਦੀ ਪੁਲਿਸ ਨੂੰ ਸੂਚਿਤ ਕੀਤਾ ਜਿਸ ‘ਤੇ ਏਐੱਸਆਈ ਬਲਵੀਰ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਸੀਸੀਟੀਵੀ ਕੈਮਰਿਆਂ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਭਰੂਣ ਨੂੰ ਕੁੱਤੇ ਕਿਸੇ ਥਾਂ ਤੋਂ ਇੱਥੇ ਲੈ ਕੇ ਆਏ ਸਨ। ਮੌਕੇ ’ਤੇ ਮੌਜੂਦ ਰਾਜੂ ਚਰਾਇਆ ਨੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਜਿਸ ਵੀ ਔਰਤ ਜਾਂ ਨਰਸ ਨੇ ਇਸ ਮਾਸੂਮ ਬੱਚੀ ਦਾ ਭਰੂਣ ਜਣੇਪੇ ਤੋਂ ਬਾਅਦ ਸੜਕ ’ਤੇ ਸੁੱਟਿਆ ਹੈ ਉਸ ਦਾ ਪਤਾ ਲਗਾ ਕੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਸ ਖ਼ਿਲਾਫ਼ ਬੱਚੀ ਦੇ ਕਤਲ ਦਾ ਕੇਸ ਦਰਜ ਕੀਤਾ ਜਾਵੇ ਕਿਉਂਕਿ ਇਹ ਪੂਰੀ ਤਰ੍ਹਾਂ ਵਿਕਸਤ ਭਰੂਣ ਹੈ।