ਅਮਰੀਕੀ ਪੁਲਾੜ ਕਮਾਨ ਨੇ ਕਿਹਾ ਕਿ ਰੂਸ ਨੇ ਪਿਛਲੇ ਹਫ਼ਤੇ ਇਕ ਉਪਗ੍ਰਹਿ ਲਾਂਚ ਕੀਤਾ ਹੈ। ਇਹ ਹੋਰਨਾਂ ਉਪਗ੍ਰਹਿਆਂ ਦੀ ਨਿਗਰਾਨੀ ਤੇ ਉਨ੍ਹਾਂ ’ਤੇ ਹਮਲਾ ਕਰਨ ’ਚ ਸਮਰੱਥ ਹੈ।
ਰੂਸ ਦਾ ਇਹ ਉਪਗ੍ਰਹਿ ਠੀਕ ਉਸੇ ਪੰਧ ’ਚ ਹੈ ਜਿਸ ’ਚ ਅਮਰੀਕੀ ਜਾਸੂਸੀ ਉਪਗ੍ਰਹਿ ਪਹਿਲਾਂ ਤੋਂ ਮੌਜੂਦ ਹੈ। ਇਹ ਉਸ ਦੇ ਨੇੜੇ ਜਾ ਰਿਹਾ ਹੈ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਰੂਸ ਨੇ ਪੁਲਾੜ ’ਚ ਪਰਮਾਣੂ ਹਥਿਆਰ ਦੀ ਤਾਇਨਾਤੀ ਨਹੀਂ ਕੀਤੀ। ਕ੍ਰੈਮਲਿਨ ਨੇ ਅਮਰੀਕਾ ਦੇ ਦਾਅਵਿਆਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਇਸ ਨੂੰ ਝੂਠਾ ਕਰਾਰ ਦਿੱਤਾ।
ਅਮਰੀਕਾ ਵੱਲੋਂ ਕਿਹਾ ਗਿਆ ਹੈ ਕਿ ਰੂਸ ਦੇ ਸੋਯੂਜ਼ ਰਾਕਟ ਦੁਆਰਾ 16 ਮਈ ਨੂੰ 9 ਉਪਗ੍ਰਹਿਆਂ ਨੂੰ ਧਰਤੀ ਦੇ ਹੇਠਲੇ ਪੰਧ ’ਚ ਤਾਇਨਾਤ ਕੀਤਾ ਗਿਆ ਸੀ। ਇਸ ’ਚ ਕਾਸਮਸ 2576 ਸੈਟੇਲਾਈਟ ਵੀ ਸ਼ਾਮਲ ਸੀ। ਦਾਅਵਾ ਹੈ ਕਿ ਇਹ ਇਕ ਤਰ੍ਹਾਂ ਦਾ ਫ਼ੌਜੀ ਨਿਰੀਖਕ ਸੈਟੇਲਾਈਟ ਹੈ। ਯੂਐੱਸ ਸਪੇਸਕਾਮ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਇਸ ’ਚ ਨਾਮਾਤਰ ਦੀ ਸਰਗਰਮੀ ਦੇਖੀ ਹੈ। ਮੁੱਲਾਂਕਣ ਹੈ ਕਿ ਇਹ ਸੰਭਵ ਤੌਰ ’ਤੇ ਇਕ ਕਾਊਂਟਰਸਪੇਸ ਹਥਿਆਰ ਹੈ ਜਿਹੜਾ ਹੇਠਲੇ ਪੰਧ ’ਚ ਬਾਕੀ ਉਪਗ੍ਰਹਿਆਂ ’ਤੇ ਹਮਲਾ ਕਰਨ ’ਚ ਸਮਰੱਥ ਹੈ। ਰੂਸ ਨੇ ਇਸ ਕਾਊਂਟਰਸਪੇਸ ਹਥਿਆਰ ਨੂੰ ਅਮਰੀਕੀ ਉਪਗ੍ਰਹਿ ਵਾਲੇ ਸਮਾਨ ਪੰਧ ’ਚ ਤਾਇਨਾਤ ਕੀਤਾ ਹੈ।