ਭਾਰਤ ਦੇ ਅਰਬਪਤੀ, ਦਿੱਗਜ਼ ਕਾਰੋਬਾਰੀ ਅਤੇ ਸਿੰਘਾਨੀਆ ਗਰੁੱਪ ਦੇ ਮਾਲਕ ਗੌਤਮ ਸਿੰਘਾਨੀਆ ਅਤੇ ਉਨ੍ਹਾਂ ਦੀ ਪਤਨੀ ਨਵਾਜ਼ ਮੋਦੀ ਸਿੰਘਾਨੀਆ ਵਿਚਕਾਰ ਚੱਲ ਰਹੇ ਤਲਾਕ ਦੀਆਂ ਖ਼ਬਰਾੰ ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ ‘ਚ ਹਨ। ਵਿਆਹ ਦੇ 32 ਸਾਲ ਬਾਅਦ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਰਹੇ ਹਨ। ਇਸ ਦੌਰਾਨ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਰਬਪਤੀ ਗੌਤਮ ਸਿੰਘਾਨੀਆ ਦੀ ਪਤਨੀ ਨੇ ਤਲਾਕ ਨੂੰ ਲੈ ਕੇ ਉਨ੍ਹਾਂ ਦੇ ਸਾਹਮਣੇ ਵੱਡੀ ਸ਼ਰਤ ਰੱਖੀ ਹੈ। ਉਸ ਨੇ ਆਪਣੇ ਪਤੀ ਦੀ 11000 ਕਰੋੜ ਦੀ ਜਾਇਦਾਦ ‘ਚੋਂ 75 ਫ਼ੀਸਦੀ ਹਿੱਸਾ ਲੈਣ ਦੀ ਮੰਗ ਕੀਤੀ ਹੈ।
ਦੱਸ ਦੇਈਏ ਕਿ ਗੌਤਮ ਸਿੰਘਾਨੀਆ ਅਤੇ ਉਹਨਾਂ ਦੀ ਪਤਨੀ ਅੱਠ ਸਾਲ ਰਿਲੇਸ਼ਨਸ਼ਿਪ ‘ਚ ਰਹੇ ਸਨ, ਜਿਸ ਤੋਂ ਬਾਅਦ ਦੋਹਾਂ ਨੇ 1999 ‘ਚ ਵਿਆਹ ਕਰ ਲਿਆ। ਹਾਲਾਂਕਿ ਗੌਤਮ ਸਿੰਘਾਨੀਆ ਨੇ ਨਵਾਜ਼ ਦੀ ਇਸ ਸ਼ਰਤ ਨੂੰ ਕਾਫੀ ਹੱਦ ਤੱਕ ਸਵੀਕਾਰ ਕਰ ਲਿਆ ਹੈ ਅਤੇ ਪਰਿਵਾਰਕ ਟਰੱਸਟ ਬਣਾਉਣ ਦਾ ਸੁਝਾਅ ਦਿੱਤਾ ਹੈ। ਸਿੰਘਾਨੀਆ ਦਾ ਕਹਿਣਾ ਹੈ ਕਿ ਪਰਿਵਾਰ ਦੀ ਦੌਲਤ ਅਤੇ ਜਾਇਦਾਦ ਉਸ ਟਰੱਸਟ ਨੂੰ ਟਰਾਂਸਫਰ ਕਰ ਦਿੱਤੀ ਜਾਵੇਗੀ ਅਤੇ ਗੌਤਮ ਖੁਦ ਉਸ ਟਰੱਸਟ ਦੇ ਮੈਨੇਜਿੰਗ ਟਰੱਸਟੀ ਹੋਣਗੇ।
ਗੌਤਮ ਸਿੰਘਾਨੀਆ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਸੀ, ”ਮੈਂ ਨਵਾਜ਼ ਮੋਦੀ ਤੋਂ ਵੱਖ ਹੋ ਰਿਹਾ ਹਾਂ ਪਰ ਨਿਹਾਰਿਕਾ ਅਤੇ ਨਿਸ਼ਾ ਲਈ ਚੰਗੇ ਕੰਮ ਕਰਦਾ ਰਹਾਂਗਾ।” ਗੌਤਮ ਸਿੰਘਾਨੀਆ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਪ੍ਰਾਈਵੇਸੀ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਧਿਆਨਯੋਗ ਹੈ ਕਿ ਗੌਤਮ ਸਿੰਘਾਨੀਆ ਤੋਂ ਤਲਾਕ ਤੋਂ ਠੀਕ ਪਹਿਲਾਂ ਨਵਾਜ਼ ਮੋਦੀ ਨੇ ਸੋਸ਼ਲ ਮੀਡੀਆ ਸਾਈਟ ‘ਤੇ ਲਿਖਿਆ ਸੀ ਕਿ ਉਹ ਮੁੰਬਈ ‘ਚ ਗਰੁੱਪ ਦੀ ਰੀਅਲ ਅਸਟੇਟ ਕੰਪਨੀ ਦੀ ਮੌਜੂਦਗੀ ਵਧਾਉਣਾ ਚਾਹੁੰਦੀ ਹੈ।