ਗੈਂਗਸਟਰ ਸੰਦੀਪ ਲੁਧਿਆਣਾ ਦੀ ਗ੍ਰਿਫਤਾਰੀ ਨੇ ਕਈ ਸਿਆਸੀ, ਸਮਾਜਿਕ ਲੀਡਰਾਂ ਤੇ ਸਮਾਜ ਸੇਵੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਗੈਂਗਸਟਰ ਸੰਦੀਪ ਨੇ ਸੋਸ਼ਲ ਮੀਡੀਆ ਉੱਪਰ ਜਿਨ੍ਹਾਂ-ਜਿਨ੍ਹਾਂ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਸੀ, ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰਨ ਜਾ ਰਹੀ ਹੈ।
ਹਾਸਲ ਜਾਣਕਾਰੀ ਮੁਤਾਬਕ ਸੀਆਈਏ-2 ਪੁਲਿਸ ਵੱਲੋਂ ਨਾਜਾਇਜ਼ ਹਥਿਆਰ ਨਾਲ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਸੰਦੀਪ ਲੁਧਿਆਣਾ ਸਬੰਧੀ ਕਈ ਖੁਲਾਸੇ ਹੋਣੇ ਸ਼ੁਰੂ ਹੋ ਗਏ ਹਨ। ਕਈ ਵੱਡੇ ਆਗੂਆਂ ਨਾਲ ਇਸ ਗੈਂਗਸਟਰ ਦੀਆਂ ਫੋਟੋਆਂ ਵਾਇਰਲ ਹੋ ਚੁੱਕੀਆਂ ਹਨ, ਜਿਸ ਤੋਂ ਬਾਅਦ ਕਈ ਰਾਜਸੀ ਲੋਕਾਂ ਦੀ ਪ੍ਰੇਸ਼ਾਨੀ ਵਧੀ ਹੋਈ ਹੈ।
ਗੈਂਗਸਟਰ ਸੰਦੀਪ ਲੁਧਿਆਣਾ ਲੋਕਾਂ ’ਚ ਦਹਿਸ਼ਤ ਬਣਾਉਣ ਲਈ ਉਹ ਗੰਨਮੈਨ ਲੈ ਕੇ ਚੱਲਦਾ ਸੀ ਤੇ ਸੋਸ਼ਲ ਮੀਡੀਆ ’ਤੇ ਰੀਲਾਂ ਤੇ ਫੋਟੋਆਂ ਪਾਉਂਦਾ ਸੀ। ਹੁਣ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖ਼ਰ ਗੈਂਗਸਟਰ ਸੰਦੀਪ ਲੁਧਿਆਣਾ ਕਿਸਦੇ ਗੰਨਮੈਨ ਲੈ ਕੇ ਚੱਲਦਾ ਸੀ।
ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਪੁਲਿਸ ਦੀ ਜਾਂਚ ਦਾ ਪਹਿਲਾ ਵਿਸ਼ਾ ਇਹ ਹੈ ਕਿ ਗੈਂਗਸਟਰ ਸੰਦੀਪ ਲੁਧਿਆਣਾ ਤੋਂ ਜਿਹੜੇ ਨਾਜਾਇਜ਼ ਹਥਿਆਰ ਮਿਲੇ ਹਨ, ਉਹ ਕਿੱਥੋਂ ਆਏ ਤੇ ਕਿਸ ਲਈ ਲਿਆਂਦੇ ਗਏ। ਉਨ੍ਹਾਂ ਕਿਹਾ ਕਿ ਬਾਕੀ ਪੁਲਿਸ ਸੋਸ਼ਲ ਮੀਡੀਆ ਦੇ ਉਸ ਦੇ ਸਾਰੇ ਪੇਜ਼ ਚੈੱਕ ਕਰ ਰਹੀ ਹੈ। ਜਿੰਨੇ ਵੀ ਲੋਕ ਤੇ ਸਮਾਜ ਸੇਵੀ ਉਸ ਨਾਲ ਚੱਲਦੇ ਸਨ, ਉਨ੍ਹਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ।
ਸੂਤਰਾਂ ਅਨੁਸਾਰ ਪੁਲਿਸ ਲਗਾਤਾਰ ਸੰਦੀਪ ਲੁਧਿਆਣਾ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਕਰ ਰਹੀ ਹੈ। ਵੀਡੀਓ ‘ਚ ਸੰਦੀਪ ਦੇ ਕਰੀਬੀ ਲੋਕਾਂ ਨੂੰ ਵੀ ਜਾਂਚ ‘ਚ ਸ਼ਾਮਲ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਬੀਤੇ ਦਿਨ ਸੰਦੀਪ ਕੋਲੋਂ ਇੱਕ ਹੋਰ ਨਜਾਇਜ਼ ਪਿਸਤੌਲ ਬਰਾਮਦ ਕੀਤੇ ਜਾਣ ਤੋਂ ਬਾਅਦ ਪੁਲਿਸ ਹੁਣ ਲਗਾਤਾਰ ਸ਼ਿਕੰਜਾ ਕੱਸ ਰਹੀ ਹੈ।
ਸੰਦੀਪ ਦੇ ਕਰੀਬੀ ਆਗੂਆਂ ਵਿੱਚ ਮੌਜੂਦਾ ਸਰਕਾਰ, ਵਿਰੋਧੀ ਧਿਰ ਕਾਂਗਰਸ ਤੇ ਭਾਜਪਾ ਦੇ ਕਈ ਸੀਨੀਅਰ ਆਗੂ ਸ਼ਾਮਲ ਹਨ। ਪੁਲਿਸ ਸੰਦੀਪ ਦੀ ਕਾਲ ਡਿਟੇਲ ‘ਤੇ ਵੀ ਕੰਮ ਕਰ ਰਹੀ ਹੈ। ਪੁਲਿਸ ਉਨ੍ਹਾਂ ਲੋਕਾਂ ਦੇ ਰਿਕਾਰਡ ਦੀ ਵੀ ਜਾਂਚ ਕਰ ਰਹੀ ਹੈ ਜਿਨ੍ਹਾਂ ਨਾਲ ਉਹ ਨਜ਼ਦੀਕੀ ਸੰਪਰਕ ਵਿੱਚ ਰਿਹਾ ਹੈ।