ਫਰਾਂਸ ਦੇ ਕਿਸਾਨਾਂ ਨੇ ਦਿੱਲੀ ਅੰਦੋਲਨ ਯਾਦ ਕਰਵਾ ਦਿੱਤਾ ਹੈ। ਹਜ਼ਾਰਾਂ ਕਿਸਾਨਾਂ ਨੇ ਟਰੈਕਟਰਾਂ ਨਾਲ ਫਰਾਂਸ ਦੀ ਰਾਜਧਾਨੀ ਪੈਰਿਸ ਨੂੰ ਚੁਫੇਰਿਓਂ ਘੇਰ ਲਿਆ ਹੈ। ਬੇਸ਼ੱਕ ਸਰਕਾਰ ਨੇ ਕਿਸਾਨਾਂ ਨਾਲ ਨਜਿੱਠਣ ਲਈ 15000 ਦੀ ਵੱਡੀ ਫੋਰਸ ਸੜਕਾਂ ਉਪਰ ਉਤਾਰੀ ਹੈ ਪਰ ਨਾਲ ਹੀ ਕਿਸਾਨਾਂ ਨੂੰ ਸ਼ਾਂਤ ਕਰਨ ਲਈ ਕਈ ਐਲਾਨ ਵੀ ਕੀਤੇ ਜਾ ਰਹੇ ਹਨ।
ਹਾਸਲ ਜਾਣਕਾਰੀ ਮੁਤਾਬਕ ਰਾਜਧਾਨੀ ਪੈਰਿਸ ਦੁਆਲੇ ਇਕੱਠੇ ਹੋਏ ਮੁਜ਼ਾਹਰਾਕਾਰੀ ਕਿਸਾਨਾਂ ਨਾਲ ਨਜਿੱਠਣ ਲਈ ਫਰਾਂਸ ਸਰਕਾਰ ਨੇ ਨਵੇਂ ਕਦਮ ਚੁੱਕੇ ਹਨ। ਫਰਾਂਸ ਸਰਕਾਰ ਨੇ ਕਿਸਾਨਾਂ ਨੂੰ ਸ਼ਾਂਤ ਕਰਨ ਲਈ ਹੋਰ ਰਿਆਇਤਾਂ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਦੀਆਂ ਤਰਜੀਹਾਂ ਬਾਰੇ ਨਵੇਂ ਪ੍ਰਧਾਨ ਮੰਤਰੀ ਗੈਬਰੀਅਲ ਐੱਟਲ ਸੰਸਦ ਦੇ ਹੇਠਲੇ ਸਦਨ ਵਿਚ ਦੱਸਣਗੇ। ਦੱਸ ਦਈਏ ਕਿ ਕਿਸਾਨ ਸ਼ਿਕਾਇਤ ਕਰ ਰਹੇ ਹਨ ਕਿ ਫਸਲ ਉਗਾਉਣਾ ਤੇ ਪਾਲਣਾ ਬਹੁਤ ਮੁਸ਼ਕਲ ਹੁੰਦਾ ਜਾ ਰਿਹਾ ਹੈ ਤੇ ਲਾਹੇਵੰਦ ਨਹੀਂ ਰਿਹਾ। ਫਰਾਂਸ ਵਿੱਚ ਕਿਸਾਨਾਂ ਦਾ ਰੋਸ ਮੁਜ਼ਾਹਰਾ ਸਰਕਾਰ ਲਈ ਸਿਰਦਰਦੀ ਬਣ ਗਿਆ ਹੈ। ਕਿਸਾਨ ਵੱਧ ਖਰੀਦ ਕੀਮਤਾਂ, ਘੱਟ ਪਾਬੰਦੀਆਂ ਤੇ ਲਾਗਤ ਖਰਚੇ ਘਟਾਉਣ ਦੀ ਮੰਗ ਕਰ ਰਹੇ ਹਨ। ਪਿਛਲੇ ਹਫ਼ਤੇ ਸਰਕਾਰ ਵੱਲੋਂ ਚੁੱਕੇ ਕਦਮਾਂ ਨੂੰ ਕਿਸਾਨਾਂ ਨੇ ਨਾਕਾਫੀ ਕਰਾਰ ਦਿੱਤਾ ਸੀ। ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਮੰਗਲਵਾਰ ਨੂੰ ਹੋਰ ਐਲਾਨ ਕਰੇਗੀ। ਕਿਸਾਨਾਂ ਨੇ ਪੈਰਿਸ ਨੂੰ ਚੁਫੇਰਿਓਂ ਘੇਰਿਆ ਹੋਇਆ ਹੈ। ਸੈਂਕੜੇ ਟਰੈਕਟਰਾਂ ਨੇ ਸੜਕਾਂ ਉਤੇ ਘਾਹ-ਫੂਸ ਸੁੱਟ ਕੇ ਪੈਰਿਸ ਵਾਲੇ ਜਾਂਦੇ ਰਾਜਮਾਰਗ ਬੰਦ ਕਰ ਦਿੱਤੇ ਹਨ। ਮੁਜ਼ਾਹਰਾਕਾਰੀ ਕਿਸਾਨ ਲੰਮੇ ਸੰਘਰਸ਼ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਟੈਂਟ ਲਾ ਲਏ ਹਨ ਤੇ ਉਨ੍ਹਾਂ ਕੋਲ ਖਾਣ-ਪੀਣ ਦਾ ਵੀ ਵਾਧੂ ਪ੍ਰਬੰਧ ਹੈ। ਸਰਕਾਰ ਨੇ ਪੈਰਿਸ ਖੇਤਰ ਵਿਚ 15,000 ਪੁਲਿਸ ਕਰਮੀ ਤਾਇਨਾਤ ਕੀਤੇ ਹਨ ਤਾਂ ਕਿ ਮੁਜ਼ਾਹਰਾਕਾਰੀ ਰਾਜਧਾਨੀ ਵਿੱਚ ਦਾਖਲ ਨਾ ਹੋ ਸਕਣ। ਗੁਆਂਢੀ ਮੁਲਕ ਬੈਲਜੀਅਮ ਵਿਚ ਵੀ ਕਿਸਾਨਾਂ ਨੇ ਸੰਘਰਸ਼ ਦਾ ਝੰਡਾ ਚੁੱਕ ਲਿਆ ਹੈ। ਉਨ੍ਹਾਂ ਰਾਜਧਾਨੀ ਬਰੱਸਲਜ਼ ਵੱਲ ਜਾਂਦੇ ਕੁਝ ਮੁੱਖ ਮਾਰਗਾਂ ਸਣੇ ਹੋਰ ਸੜਕਾਂ ’ਤੇ ਬੈਰੀਕੇਡ ਲਾ ਦਿੱਤੇ ਹਨ ਤੇ ਟਰੈਫਿਕ ਰੋਕ ਦਿੱਤੀ ਹੈ।ਫਰਾਂਸ ਵਿਚ ਉੱਠਿਆ ਸੰਘਰਸ਼ ਆਲਮੀ ਖੁਰਾਕ ਸੰਕਟ ਦਾ ਹੀ ਇਕ ਹੋਰ ਰੂਪ ਹੈ ਜਿਸ ਨੂੰ ਯੂਕਰੇਨ ’ਤੇ ਰੂਸ ਦੇ ਹਮਲੇ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਫਰਾਂਸੀਸੀ ਕਿਸਾਨਾਂ ਦਾ ਕਹਿਣਾ ਹੈ ਖਾਦਾਂ ਤੇ ਊਰਜਾ ਦੀਆਂ ਕੀਮਤਾਂ ਤੇ ਹੋਰ ਲਾਗਤ ਖ਼ਰਚਿਆਂ ਦੇ ਵਧਣ ਕਾਰਨ ਫਸਲਾਂ ਪਾਲਣਾ ਔਖਾ ਹੋ ਗਿਆ ਹੈ। ਇਸ ਤੋਂ ਇਲਾਵਾ ਪਸ਼ੂਆਂ ਨੂੰ ਪਾਲਣ ਵਿਚ ਵੀ ਮੁਸ਼ਕਲ ਆ ਰਹੀ ਹੈ।