ਫਰਾਂਸ ‘ਚ ਰੋਕੀ ਗਈ ਫਲਾਈਟ, ਜਿਸ ‘ਚ 303 ਭਾਰਤੀ ਯਾਤਰੀ ਸਵਾਰ ਸਨ, ਬਾਰੇ ਇਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਇਹ ਫਲਾਈਟ ਹੁਣ ਭਾਰਤ ਦੇ ਮੁੰਬਈ ਹਵਾਈ ਅੱਡੇ ‘ਤੇ ਉਤਰਨ ਲਈ ਫਰਾਂਸ ਦੇ ਵੈਟਰੀ ਹਵਾਈ ਅੱਡੇ ਤੋਂ ਉਡਾਣ ਭਰ ਚੁੱਕੀ ਹੈ ਤੇ ਇਸ ਦੀ ਦੇਰ ਰਾਤ ਭਾਰਤ ‘ਚ ਲੈਂਡ ਕਰ ਜਾਣ ਦੀ ਉਮੀਦ ਹੈ। ਦੱਸ ਦੇਈਏ ਕਿ ਫਲਾਈਟ ਏ340 ਰੋਮਾਨੀਆ ਦੀ ਕੰਪਨੀ ਲੀਜੈਂਡ ਏਅਰਲਾਈਨਜ਼ ਵੱਲੋਂ ਸੰਚਾਲਿਤ ਹੈ ਤੇ ਸ਼ੁੱਕਰਵਾਰ ਨੂੰ ਇਸ ਨੇ ਦੁਬਈ ਤੋਂ ਨਿਕਾਰਾਗੁਆ ਜਾਣ ਲਈ ਉਡਾਣ ਭਰੀ ਸੀ। ਸ਼ੁੱਕਰਵਾਰ ਨੂੰ ਜਦੋਂ ਇਹ ਫਰਾਂਸ ਦੇ ਵੈਟਰੀ ਏਅਰਪੋਰਟ ‘ਤੇ ਰੀਫਿਊਲਿੰਗ ਲਈ ਲੈਂਡ ਹੋਈ ਤਾਂ ਇਸ ਨੂੰ ਅਧਿਕਾਰੀਆਂ ਵੱਲੋਂ ਮਨੁੱਖੀ ਤਸਕਰੀ ਦੇ ਸ਼ੱਕ ਦੇ ਆਧਾਰ ‘ਤੇ ਰੋਕ ਲਿਆ ਗਿਆ ਸੀ। ਇਸ ‘ਚ 303 ਯਾਤਰੀ ਸਵਾਰ ਸਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਭਾਰਤੀ ਹੀ ਸਨ ਤੇ 11 ਨਾਬਾਲਗ ਵੀ ਸਵਾਰ ਸਨ।
ਇਸ ਮਾਮਲੇ ਦੀ ਸੁਣਵਾਈ ਵੀ ਹਵਾਈ ਅੱਡੇ ‘ਤੇ ਹੀ ਕੀਤੀ ਗਈ ਤੇ ਇਹ ਫੈਸਲਾ ਲਿਆ ਗਿਆ ਕਿ ਇਸ ਫਲਾਈਟ ਨੂੰ ਵਾਪਸ ਭਾਰਤ ਭੇਜਿਆ ਜਾਵੇਗਾ। ਹਾਲਂਕਿ 303 ‘ਚੋਂ 276 ਲੋਕ ਹੀ ਵਾਪਸ ਆਉਣਗੇ, ਜਦਕਿ ਬਾਕੀ ਭਾਰਤ ਵਾਪਸ ਨਹੀਂ ਆਉਣਾ ਚਾਹੁੰਦੇ ਤੇ ਕਹਿ ਰਹੇ ਹਨ ਕਿ ਉਹ ਬਹੁਤ ਵੱਡੀ ਰਕਮ ਖ਼ਰਚ ਕਰ ਕੇ ਆਏ ਹਨ, ਤੇ ਇਸ ਤਰ੍ਹਾਂ ਵਾਪਸ ਨਹੀਂ ਜਾ ਸਕਦੇ।