ਸ਼ੇਰਪੁਰ : ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ. ਐੱਸ. ਐੱਸ. ਏ. ਆਈ.) ਨੇ ਫੂਡ ਕਾਰੋਬਾਰੀਆਂ ਤੇ ਮਠਿਆਈਆਂ ਵੇਚਣ ਵਾਲਿਆਂ ਨੂੰ ਰਾਹਤ ਦਿੰਦੇ ਹੋਏ ਆਪਣੇ 2 ਫ਼ੈਸਲਿਆਂ ’ਚ ਬਦਲਾਅ ਕੀਤਾ ਹੈ। ਇਸ ਤਹਿਤ ਹੁਣ ਤੱਕ ਹਰ ਸਾਲ ਦੀ ਬਜਾਏ 5 ਸਾਲ ਲਈ ਲਾਇਸੈਂਸ ਬਣਵਾਇਆ ਜਾ ਸਕੇਗਾ। ਉੱਥੇ ਹੀ ਮਠਿਆਈਆਂ ਵੇਚਣ ਵਾਲੇ ਡਿਸਪਲੇਅ ਮਠਿਆਈ ’ਤੇ ‘ਮੈਨੂਫੈਕਚਰਿੰਗ ਡੇਟ’ ਤੇ ‘ਬੈਸਟ ਬਿਫੋਰ’ ਲਿਖਣਾ ਜ਼ਰੂਰੀ ਨਹੀਂ ਹੋਵੇਗਾ। ਇਸ ਸਬੰਧੀ ਐੱਫ. ਐੱਸ. ਐੱਸ. ਏ. ਆਈ. ਵੱਲੋਂ ਇਕ ਲਿਖ਼ਤੀ ਹੁਕਮ ਵੀ ਜਾਰੀ ਕਰ ਦਿੱਤਾ ਗਿਆ ਹੈ, ਤਾਂ ਜੋ ਉਹ ਇਨ੍ਹਾਂ ਨਿਯਮਾਂ ਨੂੰ ਲਾਗੂ ਕਰ ਸਕੇ।
ਐੱਫ. ਐੱਸ. ਐੱਸ. ਏ. ਆਈ. ਦੇ ਨਵੇਂ ਹੁਕਮ ਅਨੁਸਾਰ ਹੁਣ ਫੂਡ ਕਾਰੋਬਾਰੀ 5 ਸਾਲ ਦੇ ਲਈ ਫੂਡ ਲਾਇਸੈਂਸ ਬਣਵਾ ਸਕਣਗੇ। ਪਹਿਲਾਂ ਲਾਇਸੈਂਸ ਤੇ ਰਜਿਸਟ੍ਰੇਸ਼ਨ 5 ਸਾਲ ਦੇ ਲਈ ਹੀ ਹੁੰਦੀ ਸੀ ਪਰ ਇਸ ਸਾਲ ਜਨਵਰੀ ’ਚ ਇਕ ਸਾਲ ਤੱਕ ਸੀਮਤ ਕਰ ਦਿੱਤਾ ਗਿਆ ਸੀ। ਹਰ ਸਾਲ ਲਾਇਸੈਂਸ ਦੀ ਰਿਨਿਊਅਲ ਕਰਵਾਉਣੀ ਪੈਂਦੀ ਸੀ। ਹਾਲਾਂਕਿ ਰਜਿਸਟ੍ਰੇਸ਼ਨ ਪਹਿਲਾਂ ਦੀ ਤਰ੍ਹਾਂ ਇਕ ਤੋਂ 5 ਸਾਲ ਤੱਕ ਦੀ ਕਰਵਾਈ ਜਾ ਸਕਦੀ ਸੀ। ਫੂਡ ਕਾਰੋਬਾਰੀ ਇਸ ਫ਼ੈਸਲੇ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰ ਰਹੇ ਸਨ।
ਉਨ੍ਹਾਂ ਦਾ ਤਰਕ ਸੀ ਕਿ ਉਨ੍ਹਾਂ ਨੂੰ ਹਰ ਸਾਲ ਲਾਇਸੈਂਸ ਰਿਨਿਊਅਲ ਦੇ ਰੇੜਕੇ ’ਚ ਪਾਉਣ ਨਾਲ ਪਰੇਸ਼ਾਨੀ ਵਧੇਗੀ। ਦੱਸ ਦੇਈਏ ਕਿ ਸਲਾਨਾ 12 ਲੱਖ ਤੋਂ ਘੱਟ ਟਰਨਓਵਰ ’ਤੇ ਰਜਿਸਟ੍ਰੇਸ਼ਨ ਤੇ ਉਸ ਤੋਂ ਵੱਧ ਟਰਨਓਵਰ ਵਾਲੇ ਲਾਇਸੈਂਸ ਦੇ ਘੇਰੇ ’ਚ ਆਉਂਦੇ ਹਨ। ਅਥਾਰਟੀ ਅਨੁਸਾਰ ਜਨਵਰੀ 2023 ’ਚ ਲਾਇਸੈਂਸ ਪਾਲਿਸੀ ’ਚ ਕੀਤੇ ਗਏ ਬਾਕੀ ਬਦਲਾਅ ਪਹਿਲਾਂ ਦੀ ਤਰ੍ਹਾਂ ਲਾਗੂ ਰਹਿਣਗੇ।