ਜਲੰਧਰ – ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਅਤੇ ਗੁਣਕਾਰੀ ਖਾਧ ਉਤਪਾਦ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਬੀਤੇ ਦਿਨ ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਖਰੜ ਤੋਂ 8 ਫੂਡ ਸੇਫਟੀ ਆਨ ਵ੍ਹੀਲਜ਼ ਵੈਨਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਨ੍ਹਾਂ ਵੈਨਾਂ ਨੂੰ ਰਵਾਨਾ ਕਰਨ ਤੋਂ ਬਾਅਦ ਅਜਿਹੀਆਂ ਵੈਨਾਂ ਦੀ ਕੁਲ ਗਿਣਤੀ 15 ਹੋ ਗਈ ਹੈ।
ਸਿਹਤ ਮੰਤਰੀ ਨੇ ਐੱਫ਼. ਡੀ. ਏ. ਦੇ ਸਮੁੱਚੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਇਨ੍ਹਾਂ ਫੂਡ ਸੇਫਟੀ ਵੈਨਾਂ ਦੀ ਸਰਵਉੱਤਮ ਵਰਤੋਂ ਨੂੰ ਯਕੀਨੀ ਬਣਾਉਣ ਅਤੇ ਲੋਕਾਂ ਖ਼ਾਸ ਤੌਰ ’ਤੇ ਵਿਦਿਆਰਥੀਆਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਵਿਭਾਗ ਦੀਆਂ ਸਾਰੀਆਂ ਨੀਤੀਆਂ ਨੂੰ ਸਹੀ ਅਰਥਾਂ ’ਚ ਲਾਗੂ ਕਰਨ।
ਉਨ੍ਹਾਂ ਕਿਹਾ ਕਿ ਸਿਰਫ਼ ਸ਼ੁੱਧ ਅਨਾਜ ਦੇ ਨਾਲ ਹੀ ਸ਼ੁੱਧ ਮਨ ਅਤੇ ਸਿਹਤਮੰਦ ਤਨ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦੁਹਰਾਇਆ ਕਿ ਖਾਧ ਪਦਾਰਥਾਂ ਵਿਚ ਮਿਲਾਵਟਖੋਰੀ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕੀਤੀ ਜਾਵੇਗੀ ਅਤੇ ਅਜਿਹੀਆਂ ਸਰਗਰਮੀਆਂ ਵਿਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮਿਡ-ਡੇ-ਮੀਲ ਦੀ ਜਾਂਚ ਲਈ ਫੂਡ ਸੇਫਟੀ ਅਫ਼ਸਰਾਂ ਨੂੰ ਇਨ੍ਹਾਂ ਵੈਨਾਂ ਦੀ ਵਰਤੋਂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਸਿਰਫ਼ 50 ਰੁਪਏ ’ਚ ਇਨ੍ਹਾਂ ਵੈਨਾਂ ਰਾਹੀਂ ਆਪਣੇ ਖਾਧ ਪਦਾਰਥਾਂ ਦੀ ਜਾਂਚ ਕਰਵਾ ਸਕਦਾ ਹੈ ਅਤੇ ਮੌਜੂਦਾ ਸਮੇਂ ’ਚ 70 ਤਰ੍ਹਾਂ ਦੇ ਟੈਸਟ ਮੁਹੱਈਆ ਹਨ।
ਉਨ੍ਹਾਂ ਭੋਜਨ ਅਤੇ ਖਾਧ ਉਤਪਾਦਾਂ ’ਚ ਜੀਵਾਣੂ ਇਨਫੈਕਸ਼ਨ ਦਾ ਪਤਾ ਲਾਉਣ ਲਈ ਮਾਈਕ੍ਰੋਬੀਅਲ ਟੈਸਟਿੰਗ ਨੂੰ ਸ਼ਾਮਲ ਕਰਨ ਵਾਸਤੇ ਟੈਸਟਿੰਗ ਸਹੂਲਤ ਨੂੰ ਅਪਗ੍ਰੇਡ ਕਰਨ ਦੇ ਹੁਕਮ ਦਿੱਤੇ। ਡਾ. ਬਲਬੀਰ ਸਿੰਘ ਨੇ ਨਵੀਂ ਸਥਾਪਤ ਫੂਡ ਮਾਈਕ੍ਰੋਬੀਅਲ ਲੈਬੋਰਟਰੀ ਦਾ ਵੀ ਦੌਰਾ ਕੀਤਾ। ਇਸ ਮੌਕੇ ’ਤੇ ਕਮਿਸ਼ਨਰ ਫੂਡਜ਼ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਡਾ. ਅਭਿਨਵ ਤ੍ਰਿਖਾ ਤੇ ਡਾ. ਅਜੇ ਪ੍ਰਕਾਸ਼ ਗੁਪਤਾ ਵੀ ਹਾਜ਼ਰ ਸਨ।