ਹਿਮਾਲਿਆ ਦੀ ਬਿਆਸ ਘਾਟੀ ‘ਚ ਆਦਿ ਕੈਲਾਸ਼ ਰੋਡ ‘ਤੇ ਨਾਹਲ ‘ਚ ਬੱਦਲ ਫਟਣ ਦੀ ਘਟਨਾ ਵਾਪਰੀ। ਇਸ ਕਾਰਨ ਨਾਹਲ ਨਾਲਾ ਓਵਰਫਲੋ ਹੋ ਗਿਆ ਅਤੇ ਸੜਕ ਕੁਝ ਮੀਟਰ ਤੱਕ ਰੁੜ੍ਹ ਗਈ…
ਹਿਮਾਚਲ ਅਤੇ ਉਤਰਾਖੰਡ ‘ਚ ਬਾਰਸ਼ ਜਾਰੀ ਹੈ। ਲਾਹੁਲ ਸਪੀਤੀ ਅਤੇ ਕੁੱਲੂ ਜ਼ਿਲਿ੍ਆਂ ਵਿੱਚ ਹੜ੍ਹ ਕਾਰਨ ਨੁਕਸਾਨ ਹੋਇਆ ਹੈ। ਦੋਵਾਂ ਥਾਵਾਂ ‘ਤੇ 34 ਘਰਾਂ ਨੂੰ ਖਾਲੀ ਕਰਵਾਉਣਾ ਪਿਆ। ਇਸ ਦੇ ਨਾਲ ਹੀ ਸ਼ਿਮਲਾ ਦੇ ਪੰਥਾਘਾਟੀ ‘ਚ ਜ਼ਮੀਨ ਖਿਸਕਣ ਕਾਰਨ ਵਾਹਨ ਮਲਬੇ ਹੇਠ ਦੱਬ ਗਏ। ਸ਼ਨਿਚਰਵਾਰ ਰਾਤ ਨੂੰ ਲਾਹੁਲ-ਸਪੀਤੀ ਜ਼ਿਲ੍ਹੇ ਦੇ ਮਯਾਦ ਨਾਲੇ ਦੇ ਓਵਰਫਲੋਅ ਹੋਣ ਤੋਂ ਬਾਅਦ ਕਰਪਟ ਪਿੰਡ ਦੇ ਘਰਾਂ ਵਿੱਚ ਪਾਣੀ ਅਤੇ ਮਲਬਾ ਪਹੁੰਚ ਗਿਆ। ਦੂਜੇ ਪਾਸੇ ਕੁੱਲੂ ਜ਼ਿਲ੍ਹੇ ਦੇ ਪਲਚਾਨ ਪਿੰਡ ਦਾ ਹਾਲ ਵੀ ਬੇਹੱਦ ਭਿਆਨਕ ਹੈ।
ਐਤਵਾਰ ਸਵੇਰੇ ਭਾਰੀ ਮੀਂਹ ਕਾਰਨ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਵਧ ਗਿਆ। ਨਦੀ ਨੇ ਪਲਚਨ ਪਿੰਡ ਵੱਲ ਰੁਖ ਕਰ ਲਿਆ ਜੋ ਭਾਰੀ ਜ਼ਮੀਨ ਖਿਸਕਣ ਦਾ ਕਾਰਨ ਬਣਿਆ। ਦੇਖਦੇ ਹੀ ਦੇਖਦੇ ਪਾਣੀ ਘਰਾਂ ਤੱਕ ਪਹੁੰਚ ਗਿਆ। ਸੂਚਨਾ ਮਿਲਦੇ ਹੀ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ।
ਟੀਮ ਲੋਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਲਈ ਖਾਣ ਪੀਣ ਦੀਆਂ ਚੀਜ਼ਾਂ ਅਤੇ ਜ਼ਰੂਰੀ ਚੀਜ਼ਾਂ ਲੈ ਕੇ ਆਈ। ਜ਼ਿਆਦਾਤਰ ਲੋਕਾਂ ਨੇ ਤੰਬੂਆਂ ਵਿੱਚ ਅਤੇ ਕੁਝ ਨੇ ਹੋਰ ਪਿੰਡਾਂ ਵਿੱਚ ਪਨਾਹ ਲਈ ਹੈ। 10 ਬੀਘੇ ਜ਼ਮੀਨ ‘ਤੇ ਸਬਜ਼ੀਆਂ ਦੀ ਫਸਲ ਤਬਾਹ ਹੋ ਗਈ ਹੈ। ਪਿੰਡ ਦੇ ਸਕੂਲ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ। ਹਿਮਾਚਲ ਪ੍ਰਦੇਸ਼ ਵਿੱਚ ਐਤਵਾਰ ਨੂੰ ਕਈ ਥਾਵਾਂ ‘ਤੇ ਭਾਰੀ ਬਾਰਸ਼ ਹੋਈ।
ਮੌਸਮ ਵਿਭਾਗ ਨੇ 29 ਤੋਂ 31 ਜੁਲਾਈ ਤੱਕ ਜ਼ਿਆਦਾਤਰ ਥਾਵਾਂ ‘ਤੇ ਭਾਰੀ ਬਾਰਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੈ। 29 ਜੁਲਾਈ ਨੂੰ ਊਨਾ, ਹਮੀਰਪੁਰ, ਮੰਡੀ, ਬਿਲਾਸਪੁਰ, ਸੋਲਨ ਤੇ ਸਿਰਮੌਰ ਜ਼ਿਲਿ੍ਆਂ ਵਿਚ ਹਨੇਰੀ ਚੱਲਣ ਨਾਲ ਭਾਰੀ ਬਾਰਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੈ।