ਫਲਿੱਪਕਾਰਟ, ਐਮਾਜ਼ੋਨ, ਜੀਓ ਮਾਰਟ ਵਰਗੀਆਂ ਈ-ਕਾਮਰਸ ਕੰਪਨੀਆਂ ਦੀ ਸੇਲ ਦੀ ਲੋਕ ਉਡੀਕ ਕਰਦੇ ਹਨ। ਉਡੀਕ ਇਸ ਲਈ ਤਾਂ ਕਿ ਸਸਤਾ ਸਾਮਾਨ ਖਰੀਦ ਸਕਣ ਪਰ ਸੇਲ ਵਿਚ ਐੱਮ. ਆਰ. ਪੀ. ਤੋਂ ਵੀ ਮਹਿੰਗਾ ਸਾਮਾਨ ਮਿਲੇ ਤਾਂ ਤੁਸੀਂ ਕੀ ਕਹੋਗੇ। ਅਜਿਹੀ ਹੀ ਘਟਨਾ ਬੈਂਗਲੁਰੂ ਦੀ ਇਕ ਔਰਤ ਨਾਲ ਵਾਪਰੀ। ਉਸ ਤੋਂ ਪ੍ਰਸਿੱਧ ਕੰਪਨੀ ਫਲਿੱਪਕਾਰਟ ਨੇ ਆਪਣੇ ਫੇਮਸ ਬਿੱਗ ਬਿਲੀਅਨ ਡੇਜ਼ ਸੇਲ ਵਿਚ ਐੱਮ. ਆਰ. ਪੀ. ਤੋਂ ਲਗਭਗ ਦੁੱਗਣੀ ਕੀਮਤ ਵਸੂਲੀ। ਪੀੜਤ ਔਰਤ ਨੇ ਕੰਜਿਊਮਰ ਫੋਰਮ ਦਾ ਦਰਵਾਜ਼ਾ ਖੜਕਾਇਆ। ਫੋਰਮ ਨੇ ਉਸ ਨੂੰ ਐੱਮ. ਆਰ. ਪੀ. ਤੋਂ ਜ਼ਿਆਦਾ ਵਸੂਲੀ ਗਈ ਰਾਸ਼ੀ ਤਾਂ ਮੋੜੀ ਹੀ ਸਗੋਂ ਪੀੜਤ ਨੂੰ 20,000 ਰੁਪਏ ਦਾ ਜੁਰਮਾਨਾ ਵੀ ਦੇਣ ਦਾ ਹੁਕਮ ਦਿੱਤਾ ਗਿਆ ਹੈ।
ਕੀ ਹੈ ਮਾਮਲਾ
ਇਹ ਮਾਮਲਾ ਬੈਂਗਲੁਰੂ ਦੀ ਵਾਸੀ ਸੌਮਿਆ ਪੀ. ਦਾ ਹੈ। ਉਸ ਨੇ ਸਾਲ 2019 ਦੇ ਅਕਤੂਬਰ ਮਹੀਨੇ ਵਿਚ ਫਲਿੱਪਕਾਰਟ ਦੇ ਪ੍ਰਸਿੱਧ ਬਿੱਗ ਬਿਲੀਅਨ ਡੇਜ਼ ਸੇਲ ਦੌਰਾਨ ਪਤੰਜਲੀ ਕੇਸ਼ ਕਾਂਤੀ ਪ੍ਰੋਟੀਨ ਹੇਅਰ ਕਲੀਂਜਰ ਦੀ ਇਕ ਬੋਤਲ ਦਾ ਆਰਡਰ ਦਿੱਤਾ। 3 ਅਕਤੂਬਰ ਨੂੰ ਉਸ ਨੂੰ ਸ਼ੈਂਪੂ ਦੀ ਡਲਿਵਰੀ ਮਿਲੀ। ਡਲਿਵਰੀ ਦੇ ਸਮੇਂ ਉਸ ਨੇ ਫੋਨਪੇਅ ਦੇ ਮਾਧਿਅਮ ਰਾਹੀਂ 191 ਰੁਪਏ ਦਾ ਭੁਗਤਾਨ ਕੀਤਾ। ਉਸ ਨੇ ਪੈਕੇਟ ਖੋਲ੍ਹਿਆ ਤਾਂ ਉਸ ਨੂੰ ਬਹੁਤ ਹੈਰਾਨੀ ਹੋਈ, ਕਿਉਂਕਿ ਸ਼ੈਂਪੂ ਦੀ ਬੋਤਲ ’ਤੇ ਐੱਮ. ਆਰ. ਪੀ. 95 ਰੁਪਏ ਛਪਿਆ ਸੀ। ਮਤਲਬ ਕਿ ਸ਼ੈਂਪੂ ਤਾਂ ਸਿਰਫ਼ 95 ਰੁਪਏ ਦਾ ਸੀ ਪਰ ਬਿੱਲ ’ਤੇ ਕੀਮਤ ਨਾਲੋਂ 95 ਰੁਪਏ ਵੱਧ, 191 ਰੁਪਏ ਦਾ ਜ਼ਿਕਰ ਸੀ।
ਸੌਮਿਆ ਨੇ ਅੱਗੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਫਲਿੱਪਕਾਰਟ ਦੇ ਐਪ ’ਤੇ ਉਸੇ ਉਤਪਾਦ ਦੀ ਕੀਮਤ 140 ਰੁਪਏ ਦੱਸੀ ਗਈ ਸੀ ਅਤੇ ਸ਼ਿਪਿੰਗ ਲਈ ਵਾਧੂ 99 ਰੁਪਏ ਦਾ ਜ਼ਿਕਰ ਸੀ। ਸੌਮਿਆ ਨੇ ਫਲਿੱਪਕਾਰਟ ਦੇ ਗਾਹਕ ਸੇਵਾ ਨਾਲ ਸੰਪਰਕ ਕੀਤਾ। ਉੱਥੇ ਉਨ੍ਹਾਂ ਨੂੰ ਪ੍ਰੋਡਕਟ ਵਾਪਸ ਕਰਨ ਅਤੇ ਰਿਫੰਡ ਪ੍ਰਾਪਤ ਕਰਨ ਲਈ ਕਿਹਾ ਗਿਆ। ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਕੰਪਨੀ ਇਸ ਤਰ੍ਹਾਂ ਦੀ ਵਿਕਰੀ ’ਤੇ ਆਪਣੀ ਨੀਤੀ ਬਦਲ ਦੇਵੇਗੀ ਪਰ ਉਸ ਨੇ ਦੇਖਿਆ ਕਿ ਫਲਿੱਪਕਾਰਟ ਵਲੋਂ ਸੂਰਤ ਦੇ ਸ਼ੈਂਪੂ ਵਿਕ੍ਰੇਤਾ ਐੱਚ. ਬੀ. ਕੇ. ਐਂਟਰਪ੍ਰਾਈਜਿਜ਼ ਖ਼ਿਲਾਫ਼ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ ਸੀ।
ਫਲਿੱਪਕਾਰਟ ਦੇ ਰਵੱਈਏ ਤੋਂ ਪ੍ਰੇਸ਼ਾਨ ਸੌਮਿਆ ਨੇ ਉਸੇ ਮਹੀਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ। ਉੱਥੇ ਉਨ੍ਹਾਂ ਨੇ ਫਲਿੱਪਕਾਰਟ ਇੰਟਰਨੈੱਟ ਪ੍ਰਾਈਵੇਟ ਲਿਮਟਿਡ ਅਤੇ ਐੱਚ. ਬੀ. ਕੇ. ਐਂਟਰਪ੍ਰਾਈਜਿਜ਼ ਖ਼ਿਲਾਫ਼ ਸ਼ੈਂਪੂ ਲਈ ਨਿਰਧਾਰਿਤ ਐੱਮ. ਆਰ. ਪੀ. ਤੋਂ ਵੱਧ ਟੈਕਸ ਲੈਣ ਦੀ ਸ਼ਿਕਾਇਤ ਕੀਤੀ। ਔਰਤ ਨੇ ਤਸਵੀਰਾਂ ਅਤੇ ਹੋਰ ਦਸਤਾਵੇਜ਼ਾਂ ਨਾਲ ਆਪਣਾ ਕੇਸ ਖੁਦ ਲੜਿਆ।