ਭਾਜਪਾ ਦੇ ਉਮੀਦਵਾਰਾਂ ਤੋਂ ਸਵਾਲ ਪੁੱਛਣ ਦਾ ਸਿਲਸਿਲਾ ਰਹੇਗਾ ਜਾਰੀ
ਪੰਜਾਬ-ਹਰਿਆਣਾ ਬਾਰਡਰ ’ਤੇ ਕਿਸਾਨ ਮਜ਼ਦੂਰ ਮੋਰਚਾ ਅਤੇ ਐਸਕੇਐਮ (ਗੈਰ ਰਾਜਨੀਤਿਕ) ਵੱਲੋਂ ਚਲਾਏ ਜਾ ਰਹੇ ਕਿਸਾਨ ਅੰਦੋਲਨ ਦੇ ਸੋਮਵਾਰ ਨੂੰ 105 ਦਿਨ ਪੂਰੇ ਹੋ ਗਏ ਹਨ। ਵੱਧਦੇ ਤਾਪਮਾਨ ’ਚ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਜਦ ਤੱਕ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ ਉਦੋਂ ਤੱਕ ਕਿਸਾਨਾਂ ਨੇ ਹੱਦਾਂ ’ਤੇ ਡਟੇ ਰਹਿਣ ਦਾ ਐਲਾਨ ਕੀਤਾ ਹੈ।
ਸ਼ੰਭੂ ਬਾਰਡਰ ’ਤੇ ਕਿਸਾਨ ਮਜ਼ਦੂਰ ਮੋਰਚਾ ਦੀ ਇੱਕ ਮੀਟਿੰਗ ਸੁਖਵਿੰਦਰ ਸਿੰਘ ਸਭਰਾਅ, ਬਲਵੰਤ ਸਿੰਘ ਬਹਿਰਾਮਕੇ, ਗੁਰਧਿਆਨ ਸਿੰਘ ਸਿਉਣਾ, ਬੀਬੀ ਸੁਖਵਿੰਦਰ ਕੌਰ, ਕਰਨੈਲ ਸਿੰਘ ਲੰਗ, ਮੰਗਤ ਸਿੰਘ, ਸੁਖਚੈਣ ਸਿੰਘ ਹਰਿਆਣਾ, ਹਰਨੇਕ ਸਿੰਘ ਸਿੱਧੂਵਾਲ, ਸਤਨਾਮ ਸਿੰਘ ਹਰੀਕੇ, ਬਾਜ ਸਿੰਘ ਸੰਗਲਾ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਦੋਨੋਂ ਫੋਰਮਾਂ ਵੱਲੋਂ ਭਾਜਪਾ ਦੇ ਇਸ਼ਾਰੇ ਤੇ ਗ੍ਰਿਫਤਾਰ ਕੀਤੇ ਗਏ ਕਿਸਾਨ ਆਗੂਆਂ ਦੀ ਰਿਹਾਈ ਨੂੰ ਲੈ ਕੇ ਅਗਲੇ ਪ੍ਰੋਗਰਾਮ ਬਾਰੇ ਚਰਚਾ ਕਰਨ ਉਪਰੰਤ ਦੋਨੋਂ ਫੋਰਮਾਂ ਨੇ ਦੱਸਿਆ ਕਿ 28 ਮਈ ਨੂੰ ਕਿਸਾਨ ਆਗੂਆਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਵਿੱਚ 16 ਥਾਵਾਂ ਤੇ ਭਾਜਪਾ ਦੇ ਲੋਕ ਸਭਾ ਉਮੀਦਵਾਰ ਅਤੇ ਆਗੂਆਂ ਦੇ ਘਰਾਂ, ਹਰਿਆਣੇ ਵਿੱਚ ਵੀ ਭਾਜਪਾ ਦੇ ਮੰਤਰੀਆਂ, ਅੰਬਾਲੇ ਤੋਂ ਕੈਬਿਨੇਟ ਮੰਤਰੀ ਅਸੀਮ ਗੋਇਲ ਅਤੇ ਹੋਰਾਂ ਮੰਤਰੀਆਂ ਦਾ ਕਿਸਾਨ ਸਾਥੀਆਂ ਦੀ ਰਿਹਾਈ ਦੇੇ ਲਈ ਦੁਪਹਿਰ 12 ਵਜੇ ਤੋਂ ਦੁਪਹਿਰ 4 ਵਜ਼ੇ ਤੱਕ ਘਿਰਾਓ ਕੀਤਾ ਜਾਏਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਕਿਸੇ ਵੀ ਲੋਕਤੰਤਰ ਵਿੱਚ ਆਪਣੇ ਨੁਮਾਇੰਦਿਆਂ ਨੂੰ ਸਵਾਲ ਪੁੱਛਣਾ ਕੋਈ ਅਪਰਾਧ ਨਹੀਂ, ਤਾਂ ਫਿਰ ਕਿਸ ਕਾਨੂੰਨ ਤਹਿਤ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਕਿਸਾਨ ਆਗੂਆਂ ਨੂੰ ਆਪਣੀ ਮਰਜ਼ੀ ਨਾਲ ਗ੍ਰਿਫਤਾਰ ਕਰ ਰਹੀ ਹੈ। ਉਨ੍ਹਾਂ ਨੇ ਸਿੱਧੇ ਤੌਰ ’ਤੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਦਿੱਤੀ ਹੈ ਕਿ ਭਾਜਪਾ ਦੀ ਬੀ ਟੀਮ ਬਣ ਪੰਜਾਬ ’ਚ ਧੱਕੇਸ਼ਾਹੀ ਕਰਕੇ ਲੋਕਤੰਤਰ ਦੀ ਹੱਤਿਆ ਨਾ ਕਰੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਪਿੰਡਾਂ ’ਚ ਕਿਸਾਨ ਭਾਜਪਾ ਦੇ ਆਗੂਆਂ ਤੋਂ ਸ਼ਾਂਤਮਈ ਅਤੇ ਸੰਵਿਧਾਨਿਕ ਤਰੀਕੇ ਨਾਲ ਸਵਾਲ ਪੁੱਛਣ ਦਾ ਸਿਲਸਿਲਾ ਜਾਰੀ ਰੱਖਣਗੇ।
ਕਿਸਾਨ ਆਗੂਆਂ ਨੇ ਦੱਸਿਆ ਕਿ ਪਟਿਆਲਾ ਤੋਂ ਪ੍ਰਨੀਤ ਕੌਰ ਦੀ ਰਿਹਾਇਸ਼ ਮੋਤੀ ਮਹਿਲ ਪਟਿਆਲਾ, ਬਠਿੰਡਾ ਸਹਿਰ ਪਰਮਪਾਲ ਕੌਰ ਮਲੂਕਾ, ਫਰੀਦਕੋਟ ਤੋਂ ਹੰਸਰਾਜ ਹੰਸ, ਸ੍ਰੀ ਅਮ੍ਰਿਤਸਰ ਸਾਹਿਬ ਤੋਂ ਤਰਨਜੀਤ ਸੰਧੂ, ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ, ਮੀਆਂਵਿੰਡ ਰਿਹਾਇਸ਼, ਪਠਾਨਕੋਟ ਤੋਂ ਦਿਨੇਸ਼ ਬੱਬੂ, ਜਲੰਧਰ ਤੋਂ ਸੁਸ਼ੀਲ ਰਿੰਕੂ, ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ, ਸੰਗਰੂਰ ਤੋਂ ਅਰਵਿੰਦ ਖੰਨਾ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਫਿਰੋਜਪੁਰ ਤੋਂ ਰਾਣਾ ਸੋਢੀ ਦੀ ਰਿਹਾਇਸ਼ ਮਮਦੋਟ, ਫਿਰੋਜਪੁਰ ਦੋ ਥਾਵਾਂ ’ਤੇ, ਫਤਹਿਗੜ ਸਾਹਿਬ ਤੋਂ ਗੇਜਾ ਰਾਮ ਵਾਲਮੀਕੀ, ਸ੍ਰੀ ਅਨੰਦਪੁਰ ਸਾਹਿਬ ਤੋਂ ਸੁਭਾਸ਼ ਸ਼ਰਮਾ ਦਾਦੂ ਜੋਧ ਪਿੰਡ (ਅੰਮ੍ਰਿਤਸਰ), ਫਾਜ਼ਿਲਕਾ ਤੋਂ ਸੁਨੀਲ ਜਾਖੜ ਅਤੇ ਅੰਬਾਲਾ ਤੋਂ ਹਰਿਆਣਾ ਸਰਕਾਰ ਦੇ ਕੈਬਨਿਟ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ।