ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕਿਸਾਨਾਂ ਵਲੋਂ ਸੂਬੇ ਦੇ ਛੇ ਜ਼ਿਲ੍ਹਿਆਂ ‘ਚ ਝੋਨੇ ਦੀ ਲਵਾਈ ਸ਼ੁਰੂ ਕਰ ਦਿੱਤੀ ਹੈ।
ਸੂਬੇ ‘ਚ ਬੇਸ਼ੱਕ ਮੀਂਹ ਨਾ ਪੈਣ ਕਾਰਨ ਅਗਲੀ ਫ਼ਸਲ ਦੀ ਬਿਜਾਈ ‘ਚ ਦੇਰੀ ਹੋ ਰਹੀ ਹੈ ਪਰ ਕਿਤੇ ਨਾ ਕਿਤੇ ਝੋਨੇ ਦੀ ਲਵਾਈ ਨੂੰ ਲੈਕੇ ਕਿਸਾਨਾਂ ਵਲੋਂ ਸ਼ੁਰੂਆਤ ਕਰ ਦਿੱਤੀ ਗਈ ਹੈ। ਸਰਕਾਰ ਵਲੋਂ ਝੋਨੇ ਦੀ ਲਵਾਈ ਨੂੰ ਲੈਕੇ ਜ਼ਿਲ੍ਹਿਆਂ ਦੀ ਵੰਡ ਕੀਤੀ ਗਈ ਸੀ, ਜਿਸ ਦੇ ਚੱਲਦੇ ਮਈ 15 ਤੋਂ ਝੋਨੇ ਦੀ ਸਿੱਧੀ ਬਿਜਾਈ ਅਤੇ 11 ਜੂਨ ਤੋਂ ਸੂਬੇ ਦੇ ਛੇ ਜ਼ਿਲ੍ਹਿਆਂ ‘ਚ ਝੋਨੇ ਦੀ ਲਵਾਈ ਸ਼ੁਰੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਜਦਕਿ ਬਾਕੀ ਰਹਿੰਦੇ ਕੁਝ ਜ਼ਿਲ੍ਹਿਆਂ ‘ਚ 15 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਵੇਗੀ।
11 ਜੂਨ ਤੋਂ ਛੇ ਜਿਲ੍ਹਿਆਂ ‘ਚ ਲਵਾਈ ਸ਼ੁਰੂ: ਇਸ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਛੇ ਜ਼ਿਲ੍ਹਿਆਂ ਦੇ ਵਿੱਚ 11 ਜੂਨ ਤੋਂ ਝੋਨਾ ਲਗਾਉਣ ਦੇ ਲਈ ਦਿੱਤੀ ਮਨਜ਼ੂਰੀ ਦੇ ਤਹਿਤ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰ ਦੇ ਵਿੱਚ ਪਾਣੀ ਨਹੀਂ ਹੈ ਅਤੇ ਕੁਝ ਘੰਟੇ ਹੀ ਬਿਜਲੀ ਆ ਰਹੀ ਹੈ, ਜਿਸ ਦੇ ਨਾਲ ਪੂਰੀ ਜਮੀਨ ਵੀ ਝੋਨਾ ਲਾਉਣ ਦੇ ਲਈ ਤਿਆਰ ਨਹੀਂ ਹੋ ਰਹੀ। ਕਿਸਾਨਾਂ ਨੇ ਸਰਕਾਰ ਤੋਂ ਅੱਠ ਘੰਟੇ ਬਿਜਲੀ ਦੀ ਮੰਗ ਕੀਤੀ ਹੈ ਤਾਂ ਕਿ ਉਹ ਸਮੇਂ ਸਿਰ ਆਪਣੇ ਝੋਨੇ ਦੀ ਲਵਾਈ ਕਰ ਸਕਣ।
ਮੋਟਰਾਂ ‘ਤੇ ਅੱਠ ਘੰਟੇ ਬਿਜਲੀ: ਦੱਸ ਦਈਏ ਕਿ ਝੋਨੇ ਦੀ ਲਵਾਈ ਪੰਜਾਬ ਦੇ ਛੇ ਜ਼ਿਲ੍ਹਿਆਂ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ‘ਤੇ ਝੋਨਾ ਲਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਪਰ ਝੋਨਾ ਲਾ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰ ਦੇ ਵਿੱਚ ਪਾਣੀ ਨਹੀਂ ਆ ਰਿਹਾ ਹੈ ਤੇ ਬਿਜਲੀ ਵੀ ਬਹੁਤ ਥੋੜਾ ਸਮਾਂ ਆ ਰਹੀ ਹੈ। ਜਿਸ ਕਾਰਨ ਉਹਨਾਂ ਨੂੰ ਝੋਨਾ ਲਾਉਣ ਦੇ ਵਿੱਚ ਪਰੇਸ਼ਾਨੀ ਆ ਰਹੀ ਹੈ।
ਕਿਸਾਨਾਂ ਨੂੰ ਨਹੀਂ ਮਿਲ ਰਿਹਾ ਨਹਿਰੀ ਪਾਣੀ: ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਵਿਖੇ ਝੋਨਾ ਲਾ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਪੂਰਾ ਸਮਾਂ ਬਿਜਲੀ ਨਾ ਆਉਣ ਕਾਰਨ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਨਹਿਰੀ ਪਾਣੀ ‘ਤੇ ਝੋਨਾ ਲਾਉਣ ਦੀ ਗੱਲ ਕਹਿ ਰਹੀ ਹੈ ਪਰ ਦੂਜੇ ਪਾਸੇ ਨਹਿਰ ਦੇ ਵਿੱਚ ਪਾਣੀ ਨਾ ਹੋਣ ਕਾਰਨ ਕਿਸਾਨ ਨਹਿਰੀ ਪਾਣੀ ਨੂੰ ਤਰਸ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦੀ ਲੇਬਰ ਝੋਨਾ ਲਾਉਣ ਦੇ ਲਈ ਆਈ ਹੈ ਪਰ ਜਮੀਨ ਅੱਗੇ ਤਿਆਰ ਨਾ ਹੋਣ ਕਾਰਨ ਉਹਨਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਵਾਸੀ ਮਜ਼ਦੂਰਾਂ ਨੇ ਵੀ ਕਿਹਾ ਹੈ ਕਿ ਉਹ ਝੋਨਾ ਲਾਉਣ ਦੇ ਲਈ ਆਏ ਹਨ ਪਰ ਪਾਣੀ ਦੀ ਘਾਟ ਕਾਰਨ ਜਮੀਨ ਤਿਆਰ ਨਾ ਹੋਣ ਦੇ ਚੱਲਦਿਆਂ ਉਹਨਾਂ ਨੂੰ ਝੋਨਾ ਲਾਉਣ ਦੇ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ।