Monday, October 14, 2024
Google search engine
HomeDeshEyes Donation : ਅੱਖਾਂ ਦਾਨ ਕਰ ਕੇ ਹਨੇਰੀ ਜ਼ਿੰਦਗੀ ’ਚ ਲਿਆਂਦੀ ਜਾ...

Eyes Donation : ਅੱਖਾਂ ਦਾਨ ਕਰ ਕੇ ਹਨੇਰੀ ਜ਼ਿੰਦਗੀ ’ਚ ਲਿਆਂਦੀ ਜਾ ਸਕਦੀ ਰੋਸ਼ਨੀ

ਹਨੇਰੀ ਜ਼ਿੰਦਗੀ ਕੀ ਹੁੰਦੀ ਹੈ, ਚਾਨਣ ਦੀ ਕੀਮਤ ਕੀ ਹੁੰਦੀ ਹੈ, ਅੱਖਾਂ ਦੀ ਕੀਮਤ ਕੀ ਹੁੰਦੀ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਕੋਈ ਅੱਖਾਂ ਤੋਂ ਵਿਹੂਣਾ ਵਿਕਅਤੀ ਹੀ ਦੇ ਸਕਦਾ ਹੈ।

ਹਨੇਰੀ ਜ਼ਿੰਦਗੀ ਕੀ ਹੁੰਦੀ ਹੈ, ਚਾਨਣ ਦੀ ਕੀਮਤ ਕੀ ਹੁੰਦੀ ਹੈ, ਅੱਖਾਂ ਦੀ ਕੀਮਤ ਕੀ ਹੁੰਦੀ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਕੋਈ ਅੱਖਾਂ ਤੋਂ ਵਿਹੂਣਾ ਵਿਕਅਤੀ ਹੀ ਦੇ ਸਕਦਾ ਹੈ। ਦੇਸ਼ ’ਚ ਮਰਨ ਉਪਰੰਤ ਅੱਖਾਂ ਦਾਨ (Eyes Donation) ਕਰਨ ਦਾ ਪੰਦਰਵਾੜਾ ਹਰ ਸਾਲ 25 ਅਗਸਤ ਤੋਂ 8 ਸਤੰਬਰ ਤਕ ਮਨਾਇਆ ਜਾਂਦਾ ਹੈ ਅਤੇ ਹਰ ਸਾਲ ਅਕਤੂਬਰ ਮਹੀਨੇ ਦੇ ਦੂਸਰੇ ਵੀਰਵਾਰ ਨੂੰ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਇਆ ਜਾਂਦਾ ਹੈ। ਅੱਖਾਂ ਜਾਣ ਦੇ ਦੋ ਕਾਰਨ ਹੋ ਸਕਦੇ ਹਨ ਜਨਮ ਤੋਂ ਹੀ ਜਾਂ ਫਿਰ ਜਨਮ ਤੋਂ ਬਾਅਦ ਕਿਸੇ ਭਿਆਨਕ ਬਿਮਾਰੀ ਕਰਕੇ, ਛੋਟੀ ਉਮਰ ’ਚ ਖ਼ੁਰਾਕ ਦੀ ਘਾਟ, ਸੱਟ ਲੱਗਣ ਜਾਂ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਹੋਣ ਨਾਲ ਵੀ ਕੌਰਨੀਆ ਧੁੰਦਲਾ ਹੋ ਜਾਂਦਾ ਹੈ। ਇਸ ਨਾਲ ਨਜ਼ਰ ਕਮਜ਼ੋਰ ਜਾਂ ਖ਼ਤਮ ਹੋ ਸਕਦੀ ਹੈ। ਭਾਰਤ ’ਚ 52 ਲੱਖ ਤੇ ਸੰਸਾਰ ’ਚ ਦੋ ਕਰੋੜ ਤੋਂ ਵੱਧ ਲੋਕ ਅੰਨ੍ਹੇਪਣ ਦਾ ਸ਼ਿਕਾਰ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਬੱਚਿਆਂ ਦੀ ਹੈ, ਜੋ ਭਾਰਤ ਵਿਚ 2,70,000 ਦੇ ਕਰੀਬ ਹੈ।

ਜਾਗਰੂਕਤਾ ਦੀ ਘਾਟ

ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਿਕ ਸਾਡੇ ਦੇਸ਼ ਅੰਦਰ ਲਗਭਗ 15 ਮਿਲੀਅਨ ਲੋਕਾਂ ਨੂੰ ਅੱਖਾਂ ਦੀ ਲੋੜ ਹੈ, ਜੋ ਕਿਸੇ ਹਾਦਸੇ ਕਾਰਨ ਜਾਂ ਬਚਪਨ ਸਮੇਂ ਅੰਨ੍ਹੇਪਣ ਦਾ ਸ਼ਿਕਾਰ ਹੋ ਗਏ ਹਨ ਪਰ ਦੇਸ਼ ’ਚ ਹਰ ਸਾਲ ਮਸਾਂ 35,000 ਹੀ ਅੱਖਾਂ ਦਾਨ ਵਜੋਂ ਮਿਲਦੀਆਂ ਹਨ। ਜਾਗਰੂਕਤਾ ਦੀ ਘਾਟ ਤੇ ਬਹੁਤ ਸਾਰੀਆਂ ਅਫ਼ਵਾਹਾਂ ਕਰਕੇ ਬਹੁਤੇ ਲੋਕ ਅੱਖਾਂ ਦਾਨ ਕਰਨ ਤੋਂ ਪਿੱਛੇ ਹਟ ਜਾਂਦੇ ਹਨ।

ਵਿਸ਼ਵ ਸਿਹਤ ਸੰਗਠਨ ਅਨੁਸਾਰ ਅੰਨ੍ਹੇਪਣ ਅਤੇ ਨਜ਼ਰ ਦੀ ਕਮਜ਼ੋਰੀ ਦੁਨੀਆ ਭਰ ਵਿਚ ਘੱਟੋ-ਘੱਟ 2.2 ਬਿਲੀਅਨ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਡਬਲਿਊਐੱਚਓ (WHO) ਅਨੁਸਾਰ ਨਜ਼ਰ ਦੀ ਕਮਜ਼ੋਰੀ ਵਾਲੇ ਜ਼ਿਆਦਾਤਰ ਲੋਕ 50 ਸਾਲ ਤੋਂ ਵੱਧ ਉਮਰ ਦੇ ਹਨ, ਹਾਲਾਂਕਿ ਨਜ਼ਰ ਦਾ ਨੁਕਸਾਨ ਹਰ ਉਮਰ ਵਰਗ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਹ ਚਿੰਤਾ ਦਾ ਵਿਸ਼ਾ ਹੈ ਕਿ ਦੁਨੀਆ ਦੀ ਲਗਭਗ ਅੱਧੀ ਨੇਤਰਹੀਣ ਆਬਾਦੀ ਭਾਰਤ ’ਚ ਰਹਿੰਦੀ ਹੈ। ਭਾਰਤ ’ਚ ਕੌਰਨੀਆ ਦੇ ਅੰਨ੍ਹੇਪਣ ਵਾਲੇ ਲੋਕਾਂ ਦੀ ਗਿਣਤੀ 10.6 ਤੱਕ ਵੱਧ ਕੇ 2020 ਮਿਲੀਅਨ ਤਕ ਪਹੁੰਚਣ ਦਾ ਅਨੁਮਾਨ ਹੈ। ਇਨ੍ਹਾਂ ਵਿੱਚੋਂ 3 ਮਿਲੀਅਨ ਲੋਕ, ਜਿਨ੍ਹਾਂ ’ਚ ਡੂੰਘੀ ਦ੍ਰਿਸ਼ਟੀ ਕਮਜ਼ੋਰੀ ਹੈ। ਇਹ ਕੌਰਨੀਆ ਟ੍ਰਾਂਸਪਲਾਂਟੇਸ਼ਨ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ। ਇਕੱਲੇ ਭਾਰਤ ’ਚ ਹਰ ਸਾਲ 150,000 ਕੌਰਨੀਅਲ ਟ੍ਰਾਂਸਪਲਾਂਟ ਕੀਤੇ ਜਾਣੇ ਚਾਹੀਦੇ ਹਨ।

ਕੀ ਹੈ ਅੱਖਾਂ ਦਾਨ?

ਮੌਤ ਤੋਂ ਬਾਅਦ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ ਤੇ ਇਹ ਬਹੁਤ ਮਹਾਨ ਕਾਰਜ ਹੈ। ਵਿਅਕਤੀ ਦੀ ਮੌਤ ਦੇ 6 ਘੰਟਿਆਂ ਦੇ ਅੰਦਰ ਅੱਖਾਂ ਦਾਨ ਕਰ ਦੇਣੀਆਂ ਚਾਹੀਦੀਆਂ ਹਨ। ਕੋਈ ਵੀ ਵਿਅਕਤੀ ਸਵੈ-ਇੱਛਾ ਨਾਲ ਮੌਤ ਤੋਂ ਪਹਿਲਾਂ ਦਾਨੀ ਬਣ ਸਕਦਾ ਹੈ, ਭਾਵੇਂ ਕਿਸੇ ਵੀ ਉਮਰ, ਲਿੰਗ, ਬਲੱਡ ਗਰੁੱਪ ਜਾਂ ਧਰਮ-ਜਾਤੀ ਦਾ ਕਿਉਂ ਨਾ ਹੋਵੇ। ਮਰਨ ਉਪਰੰਤ ਅੱਖਾਂ ਆਈ ਬੈਂਕ ਨੂੰ ਦਾਨ ਕੀਤੀਆਂ ਜਾ ਸਕਦੀਆਂ ਹਨ। ਦਾਨ ਕੀਤੀਆਂ ਅੱਖਾਂ ਨੂੰ ਵੇਚਿਆ ਨਹੀਂ ਜਾ ਸਕਦਾ।

ਕੀ ਹੈ ਆਈ ਬੈਂਕ?

ਆਈ ਬੈਂਕ ਗੈਰ-ਮੁਨਾਫ਼ਾ ਚੈਰੀਟੇਬਲ ਸੰਸਥਾ ਹੈ, ਜੋ ਮੌਤ ਤੋਂ ਬਾਅਦ ਅੱਖਾਂ ਨੂੰ ਪ੍ਰਾਪਤ ਕਰਨ, ਉਨ੍ਹਾਂ ਦੀ ਪ੍ਰਕਿਰਿਆ, ਸਾਂਭ-ਸੰਭਾਲ ਤੇ ਮੁਲਾਂਕਣ ਅਤੇ ਅੰਤ ’ਚ ਉਨ੍ਹਾਂ ਨੂੰ ਮਰੀਜ਼ ਲਈ ਹਸਪਤਾਲ ਵਿਚ ਅੱਖਾਂ ਪਾਉਣ ਦੀ ਸਹੂਲਤ ਦਿੰਦੀ ਹੈ। 1944 ਵਿਚ ਨਿਊਯਾਰਕ ਸਿਟੀ ’ਚ ਡਾ. ਟਾਊਨਲੀ ਪੈਟਨ ਤੇ ਡਾ. ਜੌਹਨ ਮੈਕਲੀਨ ਦੁਆਰਾ ਪਹਿਲਾ ਆਈ ਬੈਂਕ ਸ਼ੁਰੂ ਕੀਤਾ ਗਿਆ ਸੀ। ਭਾਰਤ ’ਚ 1945 ’ਚ ਡਾ. ਆਰਈਐੱਸ ਮੁਥੀਆ ਵੱਲੋਂ ਚੇਨਈ ’ਚ ਪਹਿਲਾ ਸਫਲ ਕੌਰਨੀਅਲ ਟ੍ਰਾਂਸਪਲਾਂਟ ਕੀਤਾ ਗਿਆ ਸੀ। ਉਦੋਂ ਤੋਂ ਅੱਖਾਂ ਦੇ ਸਰਜਨਾਂ ਅਤੇ ਨਾਗਰਿਕ ਕਾਰਕੁਨਾਂ ਨੇ ਆਪਣੇ ਸਥਾਨਕ ਭਾਈਚਾਰਿਆਂ ਵਿਚ ਅੱਖਾਂ ਦੇ ਦਾਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੱਡੇ ਤੌਰ ’ਤੇ ਮੁਹਿੰਮ ਚਲਾਈ ਹੈ।

ਕੌਰਨੀਅਲ ਅੰਨ੍ਹਾਪਣ

ਕੌਰਨੀਆ ਅੱਖ ਦੀ ਸਭ ਤੋਂ ਬਾਹਰੀ/ਸਾਹਮਣੀ ਪਾਰਦਰਸ਼ੀ ਪਰਤ/ਭਾਗ ਹੈ, ਜਿਸ ਦਾ ਰੰਗ ਦਿਖਾਈ ਦਿੰਦਾ ਹੈ ਪਰ ਇਸ ਕੌਰਨੀਆ ਦੇ ਪਿੱਛੇ ਆਈਰਿਸ ਨਾਂ ਦੀ ਬਣਤਰ ਹੁੰਦੀ ਹੈ, ਜਿਸ ਦਾ ਇਕ ਰੰਗ ਹੁੰਦਾ ਹੈ ਅਤੇ ਉਸ ਰੰਗ ਦੇ ਆਧਾਰ ’ਤੇ ਅੱਖ ਭੂਰੀ, ਕਾਲੀ, ਨੀਲੀ ਜਾਂ ਫਿਰ ਹਰਾ ਦਿਸਦੀ ਹੁੰਦੀ ਹੈ। ਕੌਰਨੀਆ ਪਾਰਦਰਸ਼ੀ ਹੈ ਤੇ ਇਸ ਵਿਚ ਸ਼ਕਤੀ ਹੈ, ਜੋ ਚਿੱਤਰ ਨੂੰ ਰੈਟੀਨਾ ’ਤੇ ਫੋਕਸ ਕਰਨ ਲਈ ਸਮਰੱਥ ਬਣਾਉਣ ਵਿਚ ਮਦਦ ਕਰਦੀ ਹੈ। ਜੇ ਕੌਰਨੀਆ ਕਿਸੇ ਵੀ ਕਾਰਨ ਪਾਰਦਰਸ਼ਤਾ ਗੁਆ ਦਿੰਦਾ ਹੈ, ਤਾਂ ਵਿਅਕਤੀ ਦੀ ਨਜ਼ਰ ਘੱਟ ਜਾਂਦੀ ਹੈ ਅਤੇ ਉਹ ਅੰਨ੍ਹਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਦਾ ਇਲਾਜ ਖ਼ਰਾਬ ਕੌਰਨੀਆ ਨੂੰ ਹਟਾ ਕੇ ਤੇ ਸਿਹਤਮੰਦ ਕੌਰਨੀਆ ਨਾਲ ਬਦਲ ਕੇ ਕੀਤਾ ਜਾ ਸਕਦਾ ਹੈ, ਜੋ ਕੋਈ ਦੂਸਰਾ ਵਿਅਕਤੀ ਹੀ ਦੇ ਸਕਦਾ ਹੈ।

ਕੋਈ ਵੀ ਵਿਅਕਤੀ ਕਰ ਸਕਦਾ ਅੱਖਾਂ ਦਾਨ

ਆਪਣੀਆਂ ਅੱਖਾਂ ਦਾਨ ਕਰਨ ਲਈ ਤੁਹਾਨੂੰ ਫਾਰਮ ਭਰਨ ਦੀ ਲੋੜ ਹੈ, ਜੋ ਸਾਰੇ ਪ੍ਰਮੁੱਖ ਹਸਪਤਾਲਾਂ, ਅੱਖਾਂ ਦੇ ਹਸਪਤਾਲਾਂ/ਬੈਂਕਾਂ ਵਿਚ ਮੁਹੱਈਆ ਹੈ। ਤੁਸੀਂ ਇਸ ਫਾਰਮ ਨੂੰ ਆਨਲਾਈਨ ਵੀ ਭਰ ਸਕਦੇ ਹੋ। ਇਹ ਲਿੰਕ ਤੁਹਾਨੂੰ ਆਈ ਬੈਂਕ ਐਸੋਸੀਏਸ਼ਨ ਆਫ ਇੰਡੀਆ (EBAI) ਕੋਲ ਲਿਜਾਵੇਗਾ ਅਤੇ ਸਾਰੀ ਜਾਣਕਾਰੀ ਵੀ ਪ੍ਰਦਾਨ ਕਰੇਗਾ, ਜੋ ਜਾਣਨ ਦੀ ਲੋੜ ਹੈ। ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਮਰਨ ਉਪਰੰਤ ਅੱਖਾਂ ਦਾਨ ਕਰਨ ਦੇ ਫ਼ੈਸਲੇ ਨੂੰ ਆਪਣੇ ਪਰਿਵਾਰ ਨਾਲ ਸਾਂਝਾ ਕਰੋ ਜੋ ਤਾਂ ਜੋ ਤੁਹਾਡੀ ਮੌਤ ਹੋਣ ਦੀ ਸੂਰਤ ਵਿਚ ਕੋਈ ਵਿਅਕਤੀ ਤੁਹਾਡੀ ਮੌਤ ਦੇ 6 ਘੰਟਿਆਂ ਦੇ ਅੰਦਰ-ਅੰਦਰ ਆਈਬੈਂਕ ਨੂੰ ਸੂਚਿਤ ਕਰ ਸਕੇ। ਟੀਮ ਦੇ ਆਉਣ ਤਕ ਮ੍ਰਿਤਕ ਵਿਅਕਤੀ ਦੀਆਂ ਅੱਖਾਂ ’ਤੇ ਪਾਣੀ ਛਿੜਕਣਾ ਚਾਹੀਦਾ ਹੈ ਜਾਂ ਅੱਖਾਂ ’ਤੇ ਗਿੱਲਾ ਕੱਪੜਾ ਪਾਉਣਾ ਚਾਹੀਦਾ ਹੈ।

ਆਈ ਬੈਂਕ ਨੂੰ ਸੂਚਿਤ ਕਰਨਾ

ਜਦੋਂ ਇਕ ਵਾਰ ਆਈ ਬੈਂਕ ਨੂੰ ਅੱਖਾਂ ਦਾਨ ਕਰਨ ਦੀ ਇੱਛਾ ਬਾਰੇ ਸੂਚਿਤ ਕੀਤਾ ਜਾਂਦਾ ਹੈ ਤਾਂ ਅੱਖਾਂ ਦੇ ਮਾਹਿਰ ਅਤੇ ਯੋਗ ਸਲਾਹਕਾਰ ਨਾਲ ਸਿਖਲਾਈ ਪ੍ਰਾਪਤ ਕਰਮਚਾਰੀਆਂ ਦੀ ਟੀਮ ਉਸ ਦਾਨੀ ਦੇ ਘਰ ਜਾਂ ਹਸਪਤਾਲ ਵਿਚ ਪਹੁੰਚਦੀ ਹੈ। ਪਹਿਲਾਂ ਲਿਖਤੀ ਸੂਚਿਤ ਸਹਿਮਤੀ ਲਈ ਜਾਂਦੀ ਹੈ ਤੇ ਇਸ ਪੂਰੀ ਪ੍ਰਕਿਰਿਆ ਵਿਚ ਸਿਰਫ਼ 10-15 ਮਿੰਟ ਲੱਗਦੇ ਹਨ। ਬਹੁਤ ਸਾਰੇ ਮਰੀਜ਼ ਕੌਰਨੀਆ ਟ੍ਰਾਂਸਪਲਾਂਟ ਦੀ ਉਡੀਕ ਕਰ ਰਹੇ ਹੁੰਦੇ ਹਨ, ਇਸ ਲਈ ਸਿਰਫ਼ 3-4 ਦਿਨਾਂ ਦੇ ਅੰਦਰ-ਅੰਦਰ ਜ਼ਿਆਦਾਤਰ ਅੱਖਾਂ ਲੋੜਵੰਦਾਂ ਦੇ ਮੁਫ਼ਤ ਪਾ ਦਿੱਤੀਆਂ ਜਾਂਦੀਆਂ ਹਨ। ਦਾਨ ਕੀਤੀਆਂ ਅੱਖਾਂ ਕਿਸ ਦੇ ਪਾਈਆਂ ਗਈਆਂ ਹਨ, ਇਸ ਬਾਰੇ ਦਾਨੀ ਪਰਿਵਾਰ ਨੂੰ ਪੂਰੀ ਸੂਚਨਾ ਦਿੱਤੀ ਜਾਂਦੀ ਹੈ| ਅੱਖਾਂ ਦਾਨ ਕਰਨ ਤੋਂ ਬਾਅਦ ਮ੍ਰਿਤਕ ਦੇ ਚਿਹਰੇ ’ਤੇ ਕੋਈ ਵਿਗਾੜ ਨਹੀਂ ਆਉਂਦਾ ਤੇ ਉਸ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਹੈ ।

ਕੋਈ ਵੀ ਵਿਅਕਤੀ ਕਰ ਸਕਦਾ ਦਾਨ

ਕਿਸੇ ਵੀ ਉਮਰ ਜਾਂ ਲਿੰਗ ਦਾ ਕੋਈ ਵੀ ਵਿਅਕਤੀ ਆਪਣੀਆਂ ਅੱਖਾਂ ਦਾਨ ਕਰ ਸਕਦਾ ਹੈ। ਹਾਲਾਂਕਿ ਅੱਖਾਂ ਦੇ ਬੈਂਕ ਆਮ ਤੌਰ ਉੱਤੇ 2 ਤੋਂ 70 ਸਾਲ ਦੀ ਉਮਰ ਦੇ ਦਾਨੀਆਂ ਤੋਂ ਦਾਨ ਸਵੀਕਾਰ ਕਰਦੇ ਹਨ। ਭਾਵੇਂ ਮ੍ਰਿਤਕ ਨੂੰ ਡਾਇਬਟੀਜ਼, ਹਾਈਪਰਟੈਨਸ਼ਨ, ਦਮਾ ਹੋਵੇ, ਐਨਕਾਂ ਲਗਾਈਆਂ ਹੋਣ ਜਾਂ ਮੋਤੀਆਬਿੰਦ ਦਾ ਆਪ੍ਰੇਸ਼ਨ ਕਰਵਾਇਆ ਹੋਵੇ, ਉਹ ਆਪਣੀਆਂ ਅੱਖਾਂ ਦਾਨ ਕਰ ਸਕਦੇ ਹਨ। ਲੇਸਿਕ ਸਰਜਰੀ ਵਾਲਾ ਕੋਈ ਵੀ ਵਿਅਕਤੀ ਆਪਣੀਆਂ ਅੱਖਾਂ ਦਾਨ ਕਰ ਸਕਦਾ ਹੈ ਪਰ ਟਰਾਂਸਪਲਾਂਟੇਸ਼ਨ ਲਈ ਕੌਰਨੀਆ ਦਾ ਸਿਰਫ਼ ਹਿੱਸਾ ਵਰਤਿਆ ਜਾਵੇਗਾ।

ਨਵੀ ਜ਼ਿੰਦਗੀ ਦੇਣ ਦੀ ਕੋਸ਼ਿਸ਼

ਰੇਬੀਜ਼, ਟੈਟਨਸ, ਏਡਜ਼, ਪੀਲੀਆ, ਕੈਂਸਰ, ਸੈਪਟੀਸੀਮੀਆ, ਤੀਬਰ ਲਿਊਕੇਮੀਆ, ਹੈਜ਼ਾ, ਫੂਡ ਪਾਇਜ਼ਨਿੰਗ ਜਾਂ ਡੁੱਬਣ ਕਾਰਨ ਮੌਤ ਵਾਲਾ ਵਿਅਕਤੀ ਆਪਣੀਆਂ ਅੱਖਾਂ ਦਾਨ ਨਹੀਂ ਕਰ ਸਕਦਾ। ਸਾਡੇ ਦੇਸ਼ ਵਿਚ ਕੌਰਨੀਅਲ ਅੰਨ੍ਹੇਪਣ ਦੀ ਗਿਣਤੀ ਅਤੇ ਅੱਖਾਂ ਤੋਂ ਬਿਨਾਂ ਜ਼ਿੰਦਗੀ ਨੂੰ ਮਹਿਸੂਸ ਕਰਦਿਆਂ ਸਾਰਿਆਂ ਨੂੰ ਆਪਣੀਆਂ ਅੱਖਾਂ ਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਸਾਨੂੰ ਕਿਸੇ ਵੀ ਅੰਧ-ਵਿਸ਼ਵਾਸ, ਮਿੱਥ ਅਤੇ ਗ਼ਲਤ ਧਾਰਨਾ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸਗੋਂ ਅੱਖਾਂ ਦਾਨ ਕਰ ਕੇ ਕਿਸੇ ਨੂੰ ਪੀੜਤ ਨੂੰ ਨਵੀ ਜ਼ਿੰਦਗੀ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments