ਪਿੰਡ ਗੰਧੜ ਦੇ ਖੇਤਾਂ ’ਚ ਸਰਕਾਰ ਦੇ ਦਾਅਵਿਆਂ ਦੀ ਖੁੱਲ੍ਹ ਰਹੀ ਹੈ ਪੋਲ
ਆਮ ਤੌਰ ’ਤੇ ਕਣਕ ਦੀਆਂ ਵਾਢੀਆਂ ਤੋਂ ਬਾਅਦ ਪਿੰਡਾਂ ਦੇ ਗ਼ਰੀਬ-ਮਜ਼ਦੂਰ ਪਰਿਵਾਰਾਂ ਦੀਆਂ ਔਰਤਾਂ ਤੇ ਬੱਚੇ ਸਿੱਟੇ ਚੁਗ ਕੇ ਖਾਣ ਲਈ ਕਣਕ ਇਕੱਠੀ ਕਰਦੇ ਹਨ। ਪਰ ਬਹੁਤ ਘੱਟ ਹੁੰਦਾ ਸੀ ਕਿ ਨੌਜਵਾਨਾਂ ਨੂੰ ਇਹ ਕੰਮ ਕਰਨਾ ਪਵੇ। ਪਰ ਬੇਰੁਜ਼ਗਾਰੀ ਦੀ ਵਧਦੀ ਦਰ ਨੇ ਹੁਣ ਨੌਜਵਾਨਾਂ ਨੂੰ ਵੀ ਗੁਜ਼ਾਰੇ ਲਈ ਸਿੱਟੇ ਚੁਗਣ ’ਤੇ ਮਜਬੂਰ ਕਰ ਦਿੱਤਾ ਹੈ। ਇਹ ਨੌਜਵਾਨ ਸਾਧਾਰਨ ਜਾਂ ਅਣਪੜ੍ਹ ਨੌਜਵਾਨ ਨਹੀਂ ਬਲਕਿ ਐੱਮਏ ਤੇ ਬੀਐੱਡ ਪਾਸ ਹਨ।ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਗੰਧੜ ’ਚ ਕਈ ਐਸੇ ਮਜ਼ਦੂਰ ਪਰਿਵਾਰਾਂ ਦੇ ਨੌਜਵਾਨ ਹਨ ਜਿਨ੍ਹਾਂ ਨੇ ਗ਼ਰੀਬੀ ਦੇ ਬਾਵਜੂਦ ਸਖ਼ਤ ਮਿਹਨਤ ਕਰਦਿਆਂ ਉਚੇਰੀ ਸਿੱਖਿਆ ਹਾਸਲ ਕਰ ਕੇ ਵੱਡੀਆਂ-ਵੱਡੀਆਂ ਡਿਗਰੀਆਂ ਤਾਂ ਲੈ ਲਈਆਂ ਪਰ ਰੁਜ਼ਗਾਰ ਦੇ ਨਾਂ ’ਤੇ ਇਕ ਅੱਧੀ ਨੌਕਰੀ ਹਾਸਲ ਨਾ ਕਰ ਸਕੇ। ਅੱਜ ਹਾਲਤ ਇਹ ਹੈ ਕਿ ਰੋਟੀ ਲਈ ਇਹ ਖੇਤਾਂ ’ਚੋਂ ਸਿੱਟੇ ਚੁਗ ਰਹੇ ਹਨ। ‘ਪੰਜਾਬੀ ਜਾਗਰਣ’ ਨੇ ਇਨ੍ਹਾਂ ਨੌਜਵਾਨਾਂ ਨਾਲ ਗੱਲ ਕੀਤਾ ਤਾਂ ਸਰਕਾਰਾਂ ਦੇ ਰੁਜ਼ਗਾਰ ਪ੍ਰਤੀ ਢਿੱਲੇ ਰਵਈਏ ਖ਼ਿਲਾਫ਼ ਇਨ੍ਹਾਂ ’ਚ ਨਾਰਾਜ਼ਗੀ ਸਾਫ਼ ਨਜ਼ਰ ਆਈ।ਨੌਜਵਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਨੇ ਚਾਰ ਸਾਲ ਪਹਿਲਾਂ ਰਾਜਨੀਤੀ ਵਿਗਿਆਨ ’ਚ ਐੱਮਏ ਕੀਤੀ ਸੀ ਤੇ ਉਹ ਅਜੇ ਵੀ ਪੜ੍ਹ ਰਿਹਾ ਹੈ। ਦੁੱਖ ਦੀ ਗੱਲ ਇਹ ਹੈ ਕਿ ਉਸ ਨੂੰ ਕੋਈ ਨੌਕਰੀ ਨਹੀਂ ਮਿਲੀ। ਉਸ ਦਾ ਕਹਿਣਾ ਸੀ ਕਿ ਸਰਕਾਰ ਰੁਜ਼ਗਾਰ ਦੇਣ ਦੇ ਵਾਅਦੇ ਤਾਂ ਕਰਦੀ ਹੈ ਮਜ਼ਦੂਰ ਵਰਗ ਨਾਲ ਹਮੇਸ਼ਾ ਧੱਕਾ ਹੁੰਦਾ। ਪਹਿਲਾਂ ਤਾਂ ਉਹ ਗ਼ਰੀਬੀ ਦੇ ਬਾਵਜੂਦ ਸਖ਼ਤ ਮਿਹਨਤ ਕਰ ਕੇ ਪੜ੍ਹਦੇ ਹਨ ਤੇ ਫਿਰ ਉਨ੍ਹਾਂ ਨੂੰ ਨੌਕਰੀ ਨਹੀਂ ਦਿੱਤੀ ਜਾਂਦੀ। ਅੱਤ ਦੀ ਮਹਿੰਗਾਈ ਕਾਰਨ ਸਾਨੂੰ ਐਨਾ ਪੜ੍ਹ ਲਿਖ ਕੇ ਵੀ ਖੇਤਾਂ ’ਚੋਂ ਕਣਕ ਦੇ ਸਿੱਟੇ ਇਕੱਠੇ ਕਰਨੇ ਪੈ ਰਹੇ ਹਨ ਤਾਂ ਜੋ ਅਸੀਂ ਆਪਣੇ ਪਰਿਵਾਰ ਦੇ ਗੁਜ਼ਾਰੇ ਵਾਸਤੇ ਕਣਕ ਇਕੱਠੀ ਕਰ ਸਕੀਏ। ਉਸਨੇ ਕਿਹਾ ਕਿ ਉਸ ਵਰਗੇ ਕਈ ਹੋਰ ਨੌਜਵਾਨ ਹਨ ਜਿਨ੍ਹਾਂ ਕੋਲ ਡਿਗਰੀਆਂ ਤਾਂ ਹਨ ਪਰ ਨੌਕਰੀ ਨਹੀਂ। ਅਖ਼ੀਰ ਉਹ ਮਜ਼ਦੂਰੀ ਕਰਨ ਲਈ ਮਜ਼ਬੂਰ ਹਨ।ਉਸ ਨੇ ਕਿਹਾ ਕਿ ਜਦੋਂ ਵੀ ਸੂਬੇ ’ਚ ਜਾਂ ਕੇਂਦਰ ’ਚ ਨਵੀਂ ਸਰਕਾਰ ਬਣਦੀ ਹੈ ਉਨ੍ਹਾਂ ਨੂੰ ਇਕ ਆਸ ਬੱਝਦੀ ਹੈ ਕਿ ਸ਼ਾਇਦ ਇਸ ਵਾਰ ਉਨ੍ਹਾਂ ਦੀ ਕਿਸਮਤ ਬਦਲ ਜਾਵੇ। ਪਰ ਹਮੇਸ਼ਾਂ ਵਾਂਗ ਨਵੀਂ ਸਰਕਾਰ ਵੀ ਵਾਅਦਿਆਂ ’ਤੇ ਖਰਾ ਨਹੀਂ ਉਤਰਦੀ।