ਯੂਟੀ ਪ੍ਰਸ਼ਾਸਨ ਦੀਆਂ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਲੋਕ ਇਲੈਕਟ੍ਰਿਕ ਵਾਹਨਾਂ ਦੀ ਥਾਂ ਪੈਟਰੋਲ-ਡੀਜ਼ਲ ਵਾਲੇ ਵਾਹਨ ਖਰੀਦਣ ਨੂੰ ਤਰਜੀਹ ਦੇ ਰਹੇ ਹਨ।
ਇਸ ਦਾ ਕਾਰਨ ਇਲੈਕਟ੍ਰਿਕ ਵਾਹਨਾਂ ਦੀ ਘੱਟ ਭਰੋਸੇਯੋਗਤਾ ਤੇ ਜ਼ਿਆਦਾ ਕੀਮਤਾਂ ਦੱਸਿਆ ਜਾ ਰਿਹਾ ਹੈ। ਯੂਟੀ ਪ੍ਰਸ਼ਾਸਨ ਨੇ ਇਲੈਕਟ੍ਰਿਕ ਵਾਹਨਾਂ ਦੀ ਪ੍ਰਚਾਰ ਲਈ ਕਾਫੀ ਜ਼ੋਰ ਲਾਇਆ ਹੈ ਪਰ ਲੋਕਾਂ ਨੇ ਕੋਈ ਖਾਸ ਹੁੰਗਾਰਾ ਨਹੀਂ ਦਿੱਤਾ।
ਦੱਸ ਦਈਏ ਕਿ ਯੂਟੀ ਪ੍ਰਸ਼ਾਸਨ ਵੱਲੋਂ ਸਿਟੀ ਬਿਊਟੀਫੁੱਲ ਵਿੱਚ ਇਲੈਕਟ੍ਰਿਕ ਵਹੀਕਲ ਪਾਲਿਸੀ ਨੂੰ ਜੋਰ-ਸ਼ੋਰ ਨਾਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ ਇਸ ਪਾਲਿਸੀ ਨੂੰ ਪਹਿਲੇ ਸਾਲ ਮੱਠਾ ਹੁੰਗਾਰਾ ਹੀ ਮਿਲਿਆ ਹੈ। ਸ਼ਹਿਰ ਵਿੱਚ ਇਲੈਕਟ੍ਰਿਕ ਵਾਹਨਾਂ ਦੇ ਮੁਕਾਬਲੇ ਗੈਰ-ਇਲੈਕਟ੍ਰਿਕ ਵਾਹਨਾਂ ਦੀ ਗਿਣਤੀ ਬਹੁਤ ਵੱਧ ਹੈ।
ਹਾਸਲ ਜਾਣਕਾਰੀ ਅਨੁਸਾਰ 20 ਸਤੰਬਰ 2022 ਤੋਂ 18 ਸਤੰਬਰ 2023 ਤੱਕ ਦੇ ਅੰਕੜਿਆਂ ਅਨੁਸਾਰ ਸ਼ਹਿਰ ਵਿੱਚ ਸਿਰਫ਼ 1807 ਦੋ ਪਹੀਆ ਇਲੈਕਟ੍ਰਿਕ ਵਾਹਨ ਰਜਿਸਟਰ ਹੋਏ ਹਨ। ਜਦੋਂਕਿ 19593 ਗੈਰ-ਇਲੈਕਟ੍ਰਿਕ ਦੋ ਪਹੀਆ ਵਾਹਨਾਂ ਦੀ ਰਜਿਸਟਰ ਕੀਤੇ ਗਏ ਹਨ। ਇਸੇ ਤਰ੍ਹਾਂ ਸ਼ਹਿਰ ’ਚ 752 ਚਾਰ ਪਹੀਆ ਇਲੈਕਟ੍ਰਿਕ ਵਾਹਨ ਰਜਿਸਟਰ ਕੀਤੇ ਗਏ ਹਨ, ਜਦੋਂਕਿ ਗ਼ੈਰ-ਇਲੈਕਟ੍ਰਿਕ 26,372 ਚਾਰ ਪਹੀਆ ਵਾਹਨ ਰਜਿਸਟਰ ਕੀਤੇ ਗਏ ਹਨ।
ਇਲੈਕਟ੍ਰਿਕ ਵਾਹਨਾਂ ਪ੍ਰਤੀ ਲੋਕਾਂ ਦੇ ਘੱਟ ਰੁਝਾਨ ਨੂੰ ਦੇਖਦਿਆਂ ਫੈਡਰੇਸ਼ਨ ਆਫ਼ ਆਟੋ ਮੋਬਾਈਲ ਡੀਲਰਜ਼ ਐਸੋਸੀਏਸ਼ਨ ਚੰਡੀਗੜ੍ਹ ਦੇ ਮੈਂਬਰ ਨੇ ਕਿਹਾ ਕਿ ਇਲੈਕਟ੍ਰਿਕ ਵਾਹਨਾਂ ਦੀ ਕੀਮਤ ਵੱਧ ਹੋਣ ਕਾਰਨ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ। ਇਸ ਤੋਂ ਇਲਾਵਾ ਇਲੈਕਟ੍ਰਿਕ ਵਾਹਨਾਂ ਦੀਆਂ ਬੈਟਰੀਆਂ ਮਹਿੰਗੀਆਂ ਹਨ।
ਇੱਕ ਆਟੋਮੋਬਾਈਲ ਡੀਲਰ ਨੇ ਕਿਹਾ ਕਿ ਇਲੈਕਟ੍ਰਿਕ ਵਾਹਨਾਂ ਦੀ ਕੀਮਤ ਤੇਲ ’ਤੇ ਚੱਲਣ ਵਾਲੇ ਵਾਹਨਾਂ ਦੇ ਮੁਕਾਬਲੇ ਦੁਗਣੀ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਚਾਰਜਿੰਗ ਸਟੇਸ਼ਨਾਂ ਦੀ ਗਿਣਤੀ ਵੀ ਘੱਟ ਹੋਣ ਕਰਕੇ ਲੋਕ ਇਲੈਕਟ੍ਰਿਕ ਵਾਹਨਾਂ ਨੂੰ ਘੱਟ ਖਰੀਦ ਰਹੇ ਹਨ।