ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਲੁਧਿਆਣਾ ’ਚ 2.8 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ,
ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਬੁੱਧਵਾਰ ਰਾਤ ਨੂੰ ਪੰਜਾਬ ’ਚ ਆਈ ਹਨੇਰੀ ਤੇ ਬਾਰਿਸ਼ ਨਾਲ ਜ਼ਬਰਦਸਤ ਗਰਮੀ ਤੇ ਲੂ ਤੋਂ ਰਾਹਤ ਮਿਲੀ ਹੈ। ਵੀਰਵਾਰ ਰਾਤ ਇਕ ਵਜੇ ਤੋਂ ਬਾਅਦ ਵੀ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਤੇ ਸਵੇਰੇ ਦੋ ਤੋਂ ਪੰਜ ਵਜੇ ਦੌਰਾਨ ਬਾਰਿਸ਼ ਹੋਈ।
ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਸ਼ਨਿਚਰਵਾਰ ਨੂੰ ਵੀ ਪੰਜਾਬ ਦੇ ਕੁਝ ਹਿੱਸਿਆਂ ’ਚ ਇਸੇ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਗਰਜ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਬਣ ਰਹੀ ਹੈ। ਇਹ ਸਥਿਤੀ 11 ਜੂਨ ਤਕ ਬਣੀ ਰਹੇਗੀ।
ਓਧਰ ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਲੁਧਿਆਣਾ ’ਚ 2.8 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ, ਜਦਕਿ ਪਠਾਨਕੋਟ ’ਚ 0.4, ਬਠਿੰਡਾ ’ਚ 1.6 , ਫ਼ਰੀਦਕੋਟ ’ਚ 0.8, ਗੁਰਦਾਸਪੁਰ ’ਚ 3.8 ਤੇ ਫਾਜ਼ਿਲਕਾ ’ਚ 2.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਬਾਰਿਸ਼ ਕਾਰਨ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ ਚਾਲੀ ਡਿਗਰੀ ਸੈਲਸੀਅਸ ਤੋਂ ਘੱਟ ਰਿਹਾ ਤੇ ਰਾਤ ਦਾ ਤਾਪਮਾਨ 20 ਤੋਂ 24 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ, ਜਿਹੜਾ ਆਮ ਨਾਲੋਂ ਤਿੰਨ ਡਿਗਰੀ ਘੱਟ ਸੀ।