ਕਪੂਰਥਲਾ : ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਜ਼ਿਲ੍ਹੇ ਭਰ ’ਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਪੁਲਸ ਵੱਲੋਂ ਜ਼ਿਲ੍ਹੇ ’ਚ ਚੱਪੇ-ਚੱਪੇ ’ਤੇ ਪੁਲਸ ਦੀ ਪੈਨੀ ਨਜ਼ਰ ਰੱਖੇਗੀ। ਸੁਰੱਖਿਆ ਪ੍ਰਬੰਧਾਂ ਨੂੰ ਮੁਕੰਮਲ ਬਣਾਉਣ ਦੇ ਲਈ ਜ਼ਿਲੇ ’ਚ 700 ਦੇ ਕਰੀਬ ਪੁਲਸ ਮੁਲਾਜ਼ਮ ਤੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ ਤੇ ਜ਼ਿਲ੍ਹੇ ਦੇ ਦੋ ਵੱਡੇ ਸ਼ਹਿਰਾਂ ਕਪੂਰਥਲਾ ਅਤੇ ਫਗਵਾੜਾ ’ਚ ਪੀ. ਸੀ. ਆਰ. ਟੀਮਾਂ ਤੇ ਟ੍ਰੈਫਿਕ ਪੁਲਸ ਦੀਆਂ ਟੀਮਾਂ ਨੂੰ ਨਾਕਾਬੰਦੀ ਕਰਨ ਦੇ ਅਤੇ ਲਗਾਤਾਰ ਗਸ਼ਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਐੱਸ. ਐੱਸ. ਪੀ. ਵਤਸਲਾ ਗੁਪਤਾ ਨੇ ‘ਸੀਨੀਅਰ ਪੱਤਰਕਾਰ’ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ।
ਉਨ੍ਹਾਂ ਕਿਹਾ ਕਿ ਦੀਵਾਲੀ ਦੇ ਤਿਉਹਾਰ ਸਬੰਧੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜਿੱਥੇ ਪੂਰੇ ਜ਼ਿਲੇ ਵਿਚ ਸੁਰੱਖਿਆ ਦੇ ਪ੍ਰਬੰਧ ਹੋਰ ਤਿੱਖੇ ਕਰ ਦਿੱਤੇ ਗਏ ਹਨ, ਉੱਥੇ ਹੀ ਕਪੂਰਥਲਾ ਜ਼ਿਲੇ ਨਾਲ ਲੱਗਦੇ ਅੰਮ੍ਰਿਤਸਰ, ਜਲੰਧਰ ਤੇ ਹੁਸ਼ਿਆਰਪੁਰ ਦੀਆਂ ਹੱਦਾਂ ਨੂੰ ਪੂਰੀ ਤਰ੍ਹਾਂ ਸੀਲ ਕਰਕੇ ਵੱਡੀ ਗਿਣਤੀ ’ਚ ਪੁਲਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਜ਼ਿਲੇ ਦੀਆਂ ਸਾਰੀਆਂ ਸੰਵੇਦਨਸ਼ੀਲ ਥਾਵਾਂ ’ਤੇ ਦੇਰ ਰਾਤ ਤੱਕ ਜਾਰੀ ਚੈਕਿੰਗ ਮੁਹਿੰਮ ਦੀ ਨਿਗਰਾਨੀ ਲਈ ਸਾਰੇ 15 ਥਾਣਿਆਂ ਦੇ ਸਬੰਧਤ ਪੁਲਸ ਅਧਿਕਾਰੀ ਤੇ ਐੱਸ. ਐੱਚ. ਓਜ਼ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਖ਼ੁਦ ਵੀ ਪੁਲਸ ਨਾਕਿਆਂ ਦੀ ਚੈਕਿੰਗ ਕਰਨਗੇ। ਐੱਸ. ਐੱਸ. ਪੀ. ਵਤਸਲਾ ਗੁਪਤਾ ਨੇ ਦੱਸਿਆ ਕਿ ਦੀਵਾਲੀ ਦੇ ਮੱਦੇਨਜ਼ਰ ਪੁਲਸ ਟੀਮਾਂ ਨੂੰ ਜ਼ਿਲ੍ਹੇ ਦੇ ਸਾਰੇ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਵਿਸ਼ੇਸ਼ ਚੈਕਿੰਗ ਕਰਨ ਦੇ ਹੁਕਮ ਦਿੱਤੇ ਗਏ ਹਨ ਤਾਂ ਜੋ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਮੌਕੇ ਤੋਂ ਫੜਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਦੌਰਾਨ ਡੌਗ ਸਕੁਐਡ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਸ ਮੁਲਾਜ਼ਮਾਂ ਦੇ ਨਾਲ ਸਿਵਲ ਵਰਦੀ ਵਿਚ ਮਹਿਲਾ ਪੁਲਸ ਮੁਲਾਜ਼ਮ ਵੀ ਤਾਇਨਾਤ ਕੀਤੀਆਂ ਗਈਆਂ ਹਨ, ਜੋ ਭੀੜ ਵਾਲੀਆਂ ਥਾਵਾਂ ’ਤੇ ਵਿਸ਼ੇਸ਼ ਚੌਕਸੀ ਰੱਖਣਗੀਆਂ। ਐੱਸ. ਐੱਸ. ਪੀ. ਗੁਪਤਾ ਨੇ ਦੱਸਿਆ ਕਿ ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖਣ ਲਈ ਜ਼ਿਲੇ ਭਰ ਦੇ ਹੋਟਲਾਂ ਤੇ ਧਰਮਸ਼ਲਾਵਾਂ ’ਚ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਹੋਟਲਾਂ ਤੇ ਧਰਮਸ਼ਾਲਾਵਾਂ ’ਚ ਅਜਨਬੀਆਂ ਦੇ ਰਿਕਾਰਡ ਨੂੰ ਨੋਟ ਕਰਨ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।
ਸਿਵਲ ਵਰਦੀ ’ਚ ਪੁਲਸ ਮੁਲਾਜ਼ਮ ਭੀੜ-ਭੜੱਕੇ ਵਾਲੇ ਬਾਜ਼ਾਰਾਂ ਦੀ ਕਰਨੇ ਨਿਗਰਾਨੀ
ਐੱਸ. ਐੱਸ. ਪੀ. ਵਤਸਲਾ ਗੁਪਤਾ ਨੇ ਕਿਹਾ ਕਿ ਵਾਹਨਾਂ ਨੂੰ ਬਾਜ਼ਾਰਾਂ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ’ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਸਮੂਹ ਥਾਣਾ ਇੰਚਾਰਜਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਸੁਰੱਖਿਆ ਦੇ ਨਜ਼ਰੀਏ ਤੋਂ ਆਪੋ-ਆਪਣੇ ਖੇਤਰ ਦੇ ਬਾਜ਼ਾਰਾਂ ਵਿਚ ਲਗਾਤਾਰ ਗਸ਼ਤ ਕਰਨ ਅਤੇ ਸ਼ੱਕੀ ਅਤੇ ਸਮਾਜ ਵਿਰੋਧੀ ਲੋਕਾਂ ’ਤੇ ਸਖ਼ਤ ਨਜ਼ਰ ਰੱਖਣ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਬਾਜ਼ਾਰ ਜਾਣ ਸਮੇਂ ਜ਼ਿਆਦਾ ਗਹਿਣੇ ਨਾ ਪਾਉਣ। ਉਨ੍ਹਾਂ ਸਮੂਹ ਥਾਣਾ ਇੰਚਾਰਜਾਂ ਨੂੰ ਹਦਾਇਤ ਕੀਤੀ ਹੈ ਕਿ ਪੀ. ਸੀ. ਆਰ. ਤੇ ਟ੍ਰੈਫਿਕ ਪੁਲਿਸ ਦੀਆਂ ਟੀਮਾਂ ਪੈਦਲ ਹੀ ਭੀੜ-ਭੜੱਕੇ ਵਾਲੇ ਸਥਾਨਾਂ ’ਤੇ ਲਗਾਤਾਰ ਗਸ਼ਤ ਕਰਨ ਅਤੇ ਆਉਣ-ਜਾਣ ਵਾਲੇ ਹਰ ਵਿਅਕਤੀ ’ਤੇ ਨਜ਼ਰ ਰੱਖਣ ਅਤੇ ਅਜਿਹੇ ਇਲਾਕਿਆਂ ਅਤੇ ਚੌਰਾਹਿਆਂ ’ਤੇ ਸਾਦੇ ਕੱਪੜਿਆਂ ’ਚ ਪੁਲਸ ਟੀਮਾਂ ਵੀ ਤਾਇਨਾਤ ਕੀਤੀਆਂ ਜਾਣਗੀਆਂ।