ਚੀਨ ਵਿਚ ਮੁੜ ਇਕ ਭੇਤਭਰੀ ਬੀਮਾਰੀ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਬੀਮਾਰੀ ਦੇ ਲੱਛਣ ਨਿਮੋਨੀਆ ਵਾਂਗ ਦੱਸੇ ਜਾ ਰਹੇ ਹਨ ਅਤੇ ਵੱਡੀ ਗਿਣਤੀ ਵਿਚ ਬੱਚੇ ਬੀਮਾਰ ਹੋ ਰਹੇ ਹਨ। ਵਿਸ਼ਵ ਸਿਹਤ ਸੰਗਠਨ (ਡਬਲਊ. ਐੱਚ. ਓ.) ਨੇ 22 ਨਵੰਬਰ ਨੂੰ ਚੀਨ ਨੂੰ ਇਸ ਬੀਮਾਰੀ ਬਾਰੇ ਰਿਪੋਰਟ ਸਾਂਝੀ ਕਰਨ ਲਈ ਕਿਹਾ ਹੈ, ਹਾਲਾਂਕਿ ਚੀਨ ਇਸ ਨੂੰ ਇਕ ਆਮ ਬੀਮਾਰੀ ਦੱਸ ਰਿਹਾ ਹੈ। ਇਸ ਤੋਂ ਬਾਅਦ ਚਰਚਾ ਹੋ ਰਹੀ ਹੈ ਕਿ ਕੀ ਇਹ ਬੀਮਾਰੀ ਕਿਸੇ ਹੋਰ ਮਹਾਮਾਰੀ ਦਾ ਸੰਕੇਤ ਤਾਂ ਨਹੀਂ ਹੈ।
ਜਾਣਕਾਰੀ ਸਾਂਝੀ ਕਰਨ ’ਚ ਪਾਰਦਰਸ਼ੀ ਨਹੀਂ ਹੈ ਚੀਨ
ਇਕ ਰਿਪੋਰਟ ਅਨੁਸਾਰ, ਡਬਲਿਊ. ਐੱਚ. ਓ. ਨੇ ਵਿਸ਼ੇਸ਼ ਤੌਰ ’ਤੇ ਚੀਨ ਵਿਚ ਫੈਲ ਰਹੇ ਉਨ੍ਹਾਂ ਸਾਰੇ ਰੋਗਾਣੂਆਂ ਬਾਰੇ ਜਾਣਕਾਰੀ ਮੰਗੀ, ਜਿਨ੍ਹਾਂ ਵਿਚ ਇਨਫਲੂਐਂਜ਼ਾ, ਸਾਰਸ-ਕੋਵ-2, ਸਾਹ ਲੈਣ ਵਾਲੇ ਸਿੰਸੀਟੀਅਲ ਵਾਇਰਸ (ਆਰ.ਐੱਸ.ਵੀ.) ਅਤੇ ਮਾਈਕੋਪਲਾਜ਼ਮਾ ਨਿਮੋਨੀਆ ਸ਼ਾਮਲ ਹਨ। ਇਸ ਦੇ ਨਾਲ ਹੀ ਸਿਹਤ ਸੰਗਠਨ ਨੇ ਦੇਸ਼ ਦੀ ਸਿਹਤ ਪ੍ਰਣਾਲੀ ’ਤੇ ਨਿਮੋਨੀਆ ਦੇ ਅਚਾਨਕ ਹਮਲੇ ਦੇ ਵੇਰਵੇ ਵੀ ਮੰਗੇ ਹਨ। ਇਕ ਵਿਧੀ ਪ੍ਰੋਮੇਡ, ਜੋ ਵਿਸ਼ਵ ਪੱਧਰ ’ਤੇ ਛੂਤ (ਸਾਹ) ਦੀਆਂ ਬੀਮਾਰੀਆਂ ਦੇ ਫੈਲਣ ਦੀ ਜਨਤਕ ਤੌਰ ’ਤੇ ਨਿਗਰਾਨੀ ਕਰਦੀ ਹੈ, ਦਾ ਕਹਿਣਾ ਹੈ ਕਿ ਚੀਨ ਅਤੀਤ ਵਿਚ ਅਜਿਹੀ ਜਾਣਕਾਰੀ ਸਾਂਝੀ ਕਰਨ ਵਿਚ ਪੂਰੀ ਤਰ੍ਹਾਂ ਪਾਰਦਰਸ਼ੀ ਨਹੀਂ ਰਿਹਾ ਹੈ। ਅਜਿਹੇ ਸਮੇਂ ਪੀੜਤ ਬੱਚਿਆਂ ਦੇ ਮਾਪੇ ਸਵਾਲ ਕਰ ਰਹੇ ਹਨ ਕਿ ਕੀ ਅਧਿਕਾਰੀ ਇਸ ਮਹਾਮਾਰੀ ਨੂੰ ਲੁਕਾ ਰਹੇ ਹਨ।
ਸਿਹਤ ਮੰਤਰਾਲੇ ਦਾ ਦਾਅਵਾ – ਭਾਰਤ ਸਥਿਤੀ ਨਾਲ ਨਜਿੱਠਣ ਲਈ ਤਿਆਰ
ਦੂਜੇ ਪਾਸੇ ਭਾਰਤ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਨੂੰ ਏਵੀਅਨ ਫਲੂ ਦੇ ਮਾਮਲਿਆਂ ਦੇ ਨਾਲ-ਨਾਲ ਚੀਨ ਤੋਂ ਰਿਪੋਰਟ ਕੀਤੇ ਗਏ ਸਾਹ ਦੀਆਂ ਬੀਮਾਰੀਆਂ ਦੇ ਸਮੂਹਾਂ ਤੋਂ ਘੱਟ ਜੋਖਮ ਹੈ। ਇਹ ਬਿਆਨ ਉੱਤਰੀ ਚੀਨ ਵਿਚ ਬੱਚਿਆਂ ਵਿਚ ਸਾਹ ਦੀ ਬੀਮਾਰੀ ਦੇ ਕਲੱਸਟਰਿੰਗ ਦੇ ਸੰਕੇਤ ਦੇਣ ਦੀਆਂ ਰਿਪੋਰਟਾਂ ਤੋਂ ਬਾਅਦ ਆਇਆ ਹੈ। ਮੰਤਰਾਲੇ ਨੇ ਕਿਹਾ ਕਿ ਉਹ ਉੱਤਰੀ ਚੀਨ ਵਿਚ ਐੱਚ 9 ਐੱਨ 2 ਕੇਸਾਂ ਅਤੇ ਬੱਚਿਆਂ ਵਿਚ ਸਾਹ ਦੀਆਂ ਬੀਮਾਰੀਆਂ ਦੇ ਸਮੂਹਾਂ ਦੇ ਫੈਲਣ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ। ਇਹ ਵੀ ਕਿਹਾ ਕਿ ਮਨੁੱਖੀ ਪਸ਼ੂ ਪਾਲਣ ਅਤੇ ਜੰਗਲੀ ਜੀਵ ਖੇਤਰਾਂ ਵਿਚਕਾਰ ਨਿਗਰਾਨੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਕਿਸੇ ਵੀ ਤਰ੍ਹਾਂ ਦੀ ਜਨਤਕ ਸਿਹਤ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰ ਹੈ।
ਤੇਜ਼ ਬੁਖਾਰ ਅਤੇ ਫੇਫੜਿਆਂ ’ਚ ਗੰਢਾਂ ਇਸ ਬੀਮਾਰੀ ਦੇ ਲੱਛਣ
ਪ੍ਰੋਮੇਡ ਨੇ ਲੋਕਾਂ ਦੇ ਹਵਾਲੇ ਨਾਲ ਕਿਹਾ ਕਿ ਬੀਜਿੰਗ ਦੇ ਬੱਚਿਆਂ ਦੇ ਹਸਪਤਾਲਾਂ ਵਿਚ ਬੀਮਾਰ ਬੱਚਿਆਂ ਦੀ ਗਿਣਤੀ ਵੱਧ ਰਹੀ ਹੈ। ਬੱਚਿਆਂ ਵਿਚ ਤੇਜ਼ ਬੁਖਾਰ ਅਤੇ ਫੇਫੜਿਆਂ ਵਿਚ ਗੰਢਾਂ ਬਣਨ ਦੇ ਲੱਛਣ ਦਿਖਾਈ ਦੇ ਰਹੇ ਹਨ। ਬੀਜਿੰਗ ਤੋਂ ਲਗਭਗ 800 ਕਿਲੋਮੀਟਰ ਦੂਰ ਲਿਓਨਿੰਗ ਸੂਬੇ ਦੇ ਡਾਲੀਅਨ ਚਿਲਡਰਨ ਹਸਪਤਾਲ ਵਿਚ ਬੀਮਾਰ ਬੱਚਿਆਂ ਨੂੰ ਡ੍ਰਿੱਪ ਲਗਾਈ ਜਾ ਰਹੀ ਹੈ। ਉਥੇ ਹੀ ਹਸਪਤਾਲ ਦੇ ਇਕ ਸਟਾਫ਼ ਨੇ ਐਮਰਜੈਂਸੀ ਵਿਭਾਗ ਵਿਚ ਮਰੀਜ਼ਾਂ ਨੂੰ ਦੋ ਘੰਟੇ ਲਾਈਨ ਵਿਚ ਇੰਤਜ਼ਾਰ ਕਰਾਉਣ ਬਾਰੇ ਚਿੰਤਾ ਪ੍ਰਗਟਾਈ ਹੈ। ਪ੍ਰੋਮੇਡ ਦਾ ਕਹਿਣਾ ਹੈ ਕਿ ਇਹ ਸਪੱਸ਼ਟ ਨਹੀਂ ਹੈ ਕਿ ਬੀਮਾਰੀ ਕਦੋਂ ਸ਼ੁਰੂ ਹੋਈ, ਹਾਲਾਂਕਿ ਇੰਨੇ ਸਾਰੇ ਬੱਚਿਆਂ ਦਾ ਇੰਨੀ ਜਲਦੀ ਪ੍ਰਭਾਵਿਤ ਹੋਣਾ ਹੈਰਾਨ ਕਰਨ ਵਾਲਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੀਨੀ ਅਧਿਕਾਰੀਆਂ ਨੇ 13 ਨਵੰਬਰ 2023 ਨੂੰ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਸੀ ਕਿ ਇਨਫਲੂਐਂਜ਼ਾ ਵਰਗੀਆਂ ਬੀਮਾਰੀਆਂ ਵਿਚ ਇਸ ਤਾਜ਼ਾ ਵਾਧੇ ਦਾ ਕਾਰਨ ਕੋਵਿਡ -19 ਪਾਬੰਦੀਆਂ ਨੂੰ ਹਟਾਉਣਾ ਹੈ। ਉਨ੍ਹਾਂ ਨੇ ਨਿਗਰਾਨੀ ਅਤੇ ਸਿਹਤ ਸੰਭਾਲ ਪ੍ਰਣਾਲੀ ਦੀ ਸਮਰੱਥਾ ਵਧਾਉਣ ’ਤੇ ਵੀ ਜ਼ੋਰ ਦਿੱਤਾ ਸੀ।