ਓਡੀਸ਼ਾ- ਓਡੀਸ਼ਾ ਸਥਿਤ ਬੋਧ ਡਿਸਟਿਲਰੀ ਪ੍ਰਾਈਵੇਟ ਲਿਮਟਿਡ ਅਤੇ ਹੋਰਨਾਂ ਖਿਲਾਫ਼ ਆਮਦਨ ਕਰ ਵਿਭਾਗ ਦੇ ਛਾਪਿਆਂ ਦੌਰਾਨ ਬਰਾਮਦ ਕੀਤੀ ਗਈ ਨਕਦੀ ਦੀ ਗਿਣਤੀ 5ਵੇਂ ਦਿਨ 351 ਕਰੋੜ ਰੁਪਏ ਪੁੱਜ ਗਈ ਹੈ। ਸੂਤਰਾਂ ਮੁਤਾਬਕ ਆਮਦਨ ਕਰ ਵਿਭਾਗ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ ਨਾਲ ਜੁੜੇ ਕੰਪਲੈਕਸਾਂ ਤੋਂ ਬਰਾਮਦ ਨਕਦੀ ਦੀ ਗਿਣਤੀ ਐਤਵਾਰ ਨੂੰ ਵੀ ਜਾਰੀ ਰਹੀ। ਨਕਦੀ ਦੀ ਗਿਣਤੀ ਮਸ਼ੀਨਾਂ ਨਾਲ ਅਧਿਕਾਰੀ ਐਤਵਾਰ ਤਕ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਰਹੇ।
ਜਾਣਕਾਰੀ ਅਨੁਸਾਰ 6 ਦਸੰਬਰ ਨੂੰ ਸ਼ੁਰੂ ਹੋਈ ਇਸ ਛਾਪੇਮਾਰੀ ਤਹਿਤ ਹੁਣ ਤੱਕ ਅਧਿਕਾਰੀ ਕੁੱਲ 176 ਨਕਦੀ ਵਾਲੇ ਬੈਗਾਂ ’ਚੋਂ 140 ਬੈਗਾਂ ਦੀ ਗਿਣਤੀ ਪੂਰੀ ਕਰ ਚੁੱਕੇ ਹਨ। ਹਾਲਾਂਕਿ ਗਿਣਤੀ ਲਈ ਅਜੇ ਵੀ ਵੱਡੀ ਮਾਤਰਾ ਵਿਚ ਨਕਦੀ ਬਚੀ ਹੋਣ ਕਾਰਨ ਅਧਿਕਾਰੀਆਂ ਨੇ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਵਾਧੂ ਨਕਦੀ ਗਿਣਨ ਵਾਲੀਆਂ ਮਸ਼ੀਨਾਂ ਅਤੇ ਮੈਨਪਾਵਰ ਲਾਉਣ ਦਾ ਫੈਸਲਾ ਲਿਆ।
ਮੌਕੇ ’ਤੇ ਮਸ਼ੀਨਾਂ ਦੇ ਇੰਜੀਨੀਅਰ ਵੀ ਮੌਜੂਦ
ਭਗਤ ਬੇਹਰਾ ਅਨੁਸਾਰ ਗਿਣਤੀ ਕਰਨ ਵਾਲੀਆਂ ਮਸ਼ੀਨਾਂ ’ਚ ਆਉਣ ਵਾਲੀ ਕਿਸੇ ਵੀ ਤਕਨੀਕੀ ਸਮੱਸਿਆ ਨਾਲ ਨਜਿੱਠਣ ਲਈ ਇੰਜੀਨੀਅਰ ਵੀ ਮੌਕੇ ’ਤੇ ਮੌਜੂਦ ਹਨ। ਐਤਵਾਰ ਨੂੰ ਸਾਹਮਣੇ ਆਈਆਂ ਕਈ ਤਸਵੀਰਾਂ ’ਚ ਅਧਿਕਾਰੀਆਂ ਨੂੰ ਕਾਂਗਰਸ ਦੇ ਸੰਸਦ ਮੈਂਬਰ ਧੀਰਜ ਸਾਹੂ ਦੀਆਂ ਜਾਇਦਾਦਾਂ ਤੋਂ ਬਰਾਮਦ ਨਕਦੀ ਦੇ ਬੰਡਲਾਂ ਨੂੰ ਗਿਣਦੇ ਹੋਏ ਵਿਖਾਇਆ ਗਿਆ।