ਬੀਤੇ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਡ ਨੇ ਜਿੱਥੇ ਹਰ ਇਕ ਨੂੰ ਕੰਬਣੀ ਛੇੜੀ ਹੋਈ ਹੈ, ਉੱਥੇ ਲੋਕਾਂ ਨੂੰ ਘਰਾਂ ’ਚ ਰਹਿਣ ਲਈ ਵੀ ਮਜਬੂਰ ਕਰ ਦਿੱਤਾ ਹੈ। ਇਸ ਕਾਰਨ ਬਾਜ਼ਾਰ ’ਚ ਰੌਣਕ ਘਟ ਗਈ ਹੈ ਅਤੇ ਵਿਹਲੇ ਦੁਕਾਨਦਾਰ ਧੂਣੀਆਂ ਸੇਕ ਕੇ ਡੰਗ ਟਪਾਉਣ ਲੱਗ ਪਏ ਹਨ। ਦੁਕਾਨਦਾਰ ਪੱਪੂ ਗਰਗ, ਵਿੱਕੀ, ਹਰਜਿੰਦਰ ਸਿੰਘ, ਭੁਪਿੰਦਰ ਸਿੰਘ ਕਾਲਾ, ਹਰਮਨ ਸਿੰਘ, ਮੋਹਣ ਸਿੰਘ, ਫਤਿਹ ਭੱਟੀ ਆਦਿ ਨੇ ਦੱਸਿਆ ਕਿ ਪੋਹ ਦਾ ਮਹੀਨਾ ਚੜ੍ਹਦਿਆਂ ਹੀ ਖ਼ਾਸ ਕਰ ਕੇ ਵਿਆਹ-ਸ਼ਾਦੀਆਂ ਬੰਦ ਹੋ ਜਾਂਦੀਆਂ ਹਨ ਪਰ ਲੋਕ ਆਮ ਸਾਮਾਨ ਦੀ ਖਰੀਦੋ-ਫਰੋਖਤ ਕਰਨ ਲਈ ਆਉਂਦੇ ਹਨ। ਬੀਤੇ ਦਿਨਾਂ ਤੋਂ ਪੈ ਰਹੀ ਬੇਤਹਾਸ਼ਾ ਠੰਡ ਨੇ ਜਿੱਥੇ ਬਾਜ਼ਾਰਾਂ ਦੀ ਰੌਣਕ ਖ਼ਤਮ ਕਰ ਦਿੱਤੀ ਹੈ, ਉੱਥੇ ਸੂਰਜ ਦੇਵਤਾ ਦਾ ਚਮਕਾਰਾ ਦੇਖਣ ਨੂੰ ਵੀ ਤਰਸ ਜਾਈਦਾ ਹੈ ਅਤੇ ਸਾਨੂੰ ਵੀ ਧੂਣੀਆਂ ਸੇਕ ਕੇ ਟਾਈਮ ਪਾਸ ਕਰਨਾ ਪੈ ਰਿਹਾ ਹੈ, ਜਦੋਂਕਿ ਗਰਮ ਕੱਪੜੇ, ਗੀਜ਼ਰ, ਹੀਟਰ, ਗੱਚਕ, ਰਿਓੜੀਆਂ ਆਦਿ ਵੇਚਣ ਵਾਲਿਆਂ ਦੀ ਚਾਂਦੀ ਬਣੀ ਹੋਈ ਹੈ।
ਧੁੰਦ ਦਾ ਕਹਿਰ ਰੇਲ ਯਾਤਰੀਆਂ ’ਤੇ ਪੈ ਰਿਹਾ ਭਾਰੀ
ਉੱਤਰੀ ਭਾਰਤ ’ਚ ਧੁੰਦ ਕਾਰਨ ਰੇਲ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਟਰੇਨਾਂ ਦੀ ਰਫ਼ਤਾਰ ਵੀ ਰੁਕ ਗਈ ਹੈ। ਇਸ ਕਾਰਨ ਲੰਬੀ ਦੂਰੀ ਦੀਆਂ ਟਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਅਜਿਹੇ ਮੌਸਮ ’ਚ ਟਰੇਨਾਂ ਨੂੰ ਚਲਾਉਣ ਲਈ ਲੋਕੋ ਪਾਇਲਟ ਧੁੰਦ ਸੁਰੱਖਿਆ ਯੰਤਰਾਂ ਦੀ ਮਦਦ ਲੈ ਰਹੇ ਹਨ। ਸੰਘਣੀ ਧੁੰਦ ਕਾਰਨ ਸਭ ਤੋਂ ਪਹਿਲਾਂ ਰੇਲਵੇ ਵਿਭਾਗ ਵੱਲੋਂ ਲੋਕੋ ਪਾਇਲਟ ਨੂੰ ਸਿਗਨਲਾਂ, ਫਾਟਕਾਂ ਅਤੇ ਰੇਲਵੇ ਪਲੇਟਫਾਰਮਾਂ ਬਾਰੇ ਜਾਣਕਾਰੀ ਦੇਣ ਲਈ ਟਰੈਕ ’ਤੇ ਪਟਾਕੇ ਲਗਾਏ ਜਾਂਦੇ ਸੀ ਪਰ ਹੁਣ ਰੇਲਵੇ ਵਿਭਾਗ ਵੱਲੋਂ ਡਰਾਈਵਰਾਂ ਨੂੰ ਫੋਗ ਸੇਫਟੀ ਯੰਤਰ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜੋ ਜੀ. ਪੀ. ਐੱਸ. ਨਾਲ ਜੁੜਿਆ ਹੋਇਆ ਹੈ ਅਤੇ ਡਰਾਈਵਰਾਂ ਨੂੰ ਸਿਗਨਲਾਂ, ਫਾਟਕਾਂ ਅਤੇ ਕੈਸਨਾਂ ਬਾਰੇ ਪੂਰੀ ਜਾਣਕਾਰੀ ਮਿਲਦੀ ਹੈ। ਇਸ ਨਾਲ ਟਰੇਨਾਂ ਦੀ ਸਪੀਡ ਘੱਟ ਪ੍ਰਭਾਵਿਤ ਹੁੰਦੀ ਹੈ।