ਲੁਧਿਆਣਾ : ਡੇਂਗੂ ਦੇ ਚੱਲ ਰਹੇ ਪ੍ਰਕੋਪ ਦੇ ਮੱਦੇਨਜ਼ਰ ਇਹ ਵੀ ਸਾਹਮਣੇ ਆਇਆ ਹੈ ਕਿ ਮਰੀਜ਼ਾਂ ‘ਚ ਵੱਡੀ ਗਿਣਤੀ ’ਚ ਬੱਚਿਆਂ ’ਤੇ ਡੇਂਗੂ ਦਾ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ, ਜਿਨ੍ਹਾਂ ’ਚ ਡੇਂਗੂ ਦਾ ਪ੍ਰਭਾਵ 1 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 10 ਸਾਲ ਦੀ ਉਮਰ ਦੇ ਬੱਚਿਆਂ ’ਤੇ ਦੇਖਣ ਨੂੰ ਮਿਲ ਰਿਹਾ ਹੈ। ਇਕ ਸਾਲ ਪਹਿਲਾਂ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਸੂਬੇ ਦੇ ਸਿਹਤ, ਸਕੂਲ ਸਿੱਖਿਆ ਵਿਭਾਗਾਂ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਅਤੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਬੱਚਿਆਂ ਨੂੰ ਡੇਂਗੂ ਅਤੇ ਚਿਕਨਗੁਨੀਆ ਤੋਂ ਬਚਾਉਣ ਲਈ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਸੀ। ਡੇਂਗੂ ਦੇ ਫੈਲਣ ਕਾਰਨ ਉਨ੍ਹਾਂ ਦੀ ਬੀਮਾਰੀ ਅਤੇ ਬੇਵਕਤੀ ਮੌਤ ਹੋਣ ਦੀਆਂ ਖ਼ਬਰਾਂ ਆਈਆਂ ਸਨ, ਜਿਸ ਕਾਰਨ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਸਾਰੇ ਵਿਭਾਗਾਂ ਨੂੰ ਤੁਰੰਤ ਬਚਾਅ ਕਾਰਜ ਸ਼ੁਰੂ ਕਰਨ ਲਈ ਕਿਹਾ ਸੀ। ਮਾਹਿਰਾਂ ਨੇ ਕਿਹਾ ਕਿ ਇਸ ਵਾਰ ਵੀ ਬਹੁਤ ਸਾਰੇ ਬੱਚੇ ਡੇਂਗੂ ਦੀ ਲਪੇਟ ’ਚ ਆ ਰਹੇ ਹਨ, ਇਸ ਲਈ ਜ਼ਿਲ੍ਹਿਆਂ ਦੇ ਸ਼ਹਿਰੀ ਖੇਤਰਾਂ ਦੇ ਸਕੂਲਾਂ ’ਚ ਫੋਗਿੰਗ ਅਤੇ ਮੱਛਰ ਭਜਾਉਣ ਵਾਲੀ ਦਵਾਈ ਦਾ ਛਿੜਕਾਅ ਕਰਨ ਲਈ ਸੂਬੇ ਦੀਆਂ ਸਮੂਹ ਮਿਊਂਸੀਪਲ ਕਮੇਟੀਆਂ ਅਤੇ ਕਾਰਪੋਰੇਸ਼ਨਾਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਜਾਣ।
ਇਸ ਤੋਂ ਇਲਾਵਾ ਸਕੂਲ ਸਿੱਖਿਆ ਵਿਭਾਗ ਵੱਲੋਂ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਸਾਰੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇਸ ਮੌਸਮ ’ਚ ਪੂਰੇ ਪਹਿਰਾਵੇ ਪਾ ਕੇ ਆਉਣ ਲਈ ਕਿਹਾ ਜਾਵੇ। ਇਹ ਸਿਲਸਿਲਾ ਇਸ ਮੌਸਮ ’ਚ ਅਤੇ ਭਵਿੱਖ ’ਚ ਵੀ ਜਾਰੀ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਮਾਪਿਆਂ ਨੂੰ ਵੀ ਬੱਚਿਆਂ ਪ੍ਰਤੀ ਅਲਰਟ ਰਹਿਣ ਦੀ ਹਦਾਇਤ ਦਿੱਤੀ ਹੈ। ਦੱਸਣਯੋਗ ਹੈ ਕਿ ਡੇਂਗੂ ਤੋਂ ਬਚਾਅ ਲਈ ਮਾਹਿਰਾਂ ਵੱਲੋਂ ਪੂਰੇ ਸਰੀਰ ਨੂੰ ਢਕਣ ਵਾਲੇ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਕਈ ਸਕੂਲ ਡਰੈੱਸ ਕੋਡ ਕਾਰਨ ਬਚਾਅ ਸਬੰਧੀ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ।
ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਦੀ ਸੁਰੱਖਿਆ ਲਈ ਸਾਰੇ ਜ਼ਿਲ੍ਹਿਆਂ ਦੇ ਐਲੀਮੈਂਟਰੀ ਅਤੇ ਸੈਕੰਡਰੀ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਆਪਣੇ-ਆਪਣੇ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਹਦਾਇਤ ਕਰਨ ਕਿ ਉਹ ਆਪਣੇ ਸਕੂਲਾਂ ’ਚ ਫੌਗਿੰਗ ਕਰਵਾਉਣ ਅਤੇ ਇਸ ਲਈ ਪ੍ਰਾਈਵੇਟ ਮਸ਼ੀਨਾਂ ਖਰੀਦੀਆਂ ਜਾਣ ਜਾਂ ਕਿਰਾਏ ’ਤੇ ਲੈਣ। ਇਸ ਬਚਾਅ ਕਾਰਜ ਨੂੰ ਪੂਰਾ ਕਰਨ। ਇਸ ਤੋਂ ਇਲਾਵਾ ਸਮੂਹ ਸਿਵਲ ਸਰਜਨਾਂ ਵੱਲੋਂ ਸਥਾਨਕ ਸਰਕਾਰਾਂ, ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਨਾਲ ਤਾਲਮੇਲ ਕਰ ਕੇ ਸਰਵੇ ਕਰਵਾਇਆ ਜਾਵੇ ਅਤੇ ਜੇਕਰ ਕਿਤੇ ਵੀ ਮੱਛਰ ਦਾ ਲਾਰਵਾ ਮਿਲਦਾ ਹੈ ਤਾਂ ਉੱਥੇ ਛਿੜਕਾਅ ਕੀਤਾ ਜਾਵੇ। ਇਸ ਤੋਂ ਇਲਾਵਾ ਘਰਾਂ ’ਚ ਮੱਛਰ ਭਜਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਵੀ ਕੀਤੀ ਜਾਵੇ, ਬੱਚਿਆਂ ਨੂੰ ਖੇਡਣ ਲਈ ਬਾਹਰ ਜਾਣ ਤੋਂ ਪਹਿਲਾਂ ਮੱਛਰ ਭਜਾਉਣ ਵਾਲੀ ਕ੍ਰੀਮ ਜ਼ਰੂਰ ਲਗਾਈ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਬੱਚੇ ਖੇਡਣ ਲਈ ਪੂਰੇ ਕੱਪੜੇ ਪਾ ਕੇ ਬਾਹਰ ਜਾਣ।